ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਰੀਂ ਬਾਬਲਾ!

ਜਿਨ੍ਹਾਂ ਘਰ ਧੀਆਂ ਰੱਖੀਆਂ, ਹੁੰਦੇ ਉਹਨਾਂ ਦੇ ਪਹਾੜ ਜਿੱਡੇ ਜੇਰੇ
ਵੇ! ਕੰਢੀ1 ਪਾਕੇ ਤੋਰੀਂ ਬਾਬਲਾ! ਪੁੱਤਾਂ ਵਾਂਗ ਮੈਂ ਕਮਾਇਆ ਘਰ ਤੇਰੇ!

ਧੀਆਂ-ਗਊਆਂ ਵਾਂਗ ਹੁੰਦੀਆਂ, ਇਹਨਾਂ ਮੂੰਹੋਂ ਨਹੀਂ ਆਖ ਕੇ ਸੁਨਾਣਾਂ
ਵੀਰਾਂ ਨੇ ਜ਼ਮੀਨ ਸਾਂਭਣੀ, ਅਸੀਂ ਹੱਥਾਂ ਦਾ ਦਿੱਤਾ ਲੈ ਜਾਣਾ
ਵੇ ਦਾਨ ਦਿੱਤੇ ਧਨ ਨਾ ਘਟੇ, ਸਗੋਂ ਬੱਲੇ ਬੱਲੇ ਹੋ ਜਏ ਚੁਫੇਰੇ
ਵੇ ਕੰਢੀ ਪਾਕੇ ਤੋਰੀਂ ਬਾਬਲਾ ............

ਵੇ! ਨੱਕ-ਬੁੱਲ੍ਹ ਸੱਸ ਨਾ ਕੱਢੇ-ਅਤੇ ਮਾਰੇ ਨਾ ਸ਼ਰੀਕਨੀ ਉਲ੍ਹਾਮਾਂ
ਤੈਨੂੰ ਪਿੰਡ ਸ਼ਾਬਸ਼ੇ ਕਹੂ-ਮੈਨੂੰ ਸਹੁਰੀਂ ਹੋਂਣ ਵੇ ਸਲਾਮਾਂ
ਵੇ ਗਿੱਧਿਆਂ 'ਚ ਹੋਣ ਚਰਚੇ, ਵਧ ਚੜ੍ਹ ਕੇ ਦਾਜ ਏ ਤੇਰੇ
ਵੇ ਕੰਢੀ ਪਾਕੇ ਤੋਰੀਂ ਬਾਬਲਾ.............

ਵੇ ਸੱਤੇ ਕੁੱਲਾਂ ਸੁਖੀ ਉਹਦੀਆਂ, ਜੀਹਦੀ ਸੁਖਾ 'ਚ ਵਸੇ ਧੀ ਰਾਣੀਂ
ਹੋਰ ਨਈਂ ਮੈਂ ਕੁਝ ਮੰਗਦੀ, ਇਕ ਵਰ ਟੋਲੀਂ ਮੇਰਾ ਹਾਣੀਂ
ਇੱਕ ਪੱਕਾ ਘਰ ਭਾਲਦੀਂ-ਮੈਨੂੰ ਲਿੱਪਣੇਂ ਨਾ ਪੈਂਣ ਬਨੇਰੇ
ਵੇ ਕੰਢੀ ਪਾਕੇ ਤੋਰੀਂ ਬਾਬਲਾ.............

ਮੋਤੀਆਂ ਦੀ ਹੋਵੇ ਬਰਖਾ! ਨਿੱਤ ਬਾਬਲਾ ਵੀਰ ਦੇ ਵਿਹੜੇ
ਅਸੀਂ ਪ੍ਰਦੇਸ ਵੱਸਣਾ-ਸਾਡਾ ਰਿਜ਼ਕ ਬੇਗ਼ਾਨੇ ਖੇੜੇ!
ਕੱਖ ਵੀ ਨਾ ਦੇਵੀਂ ਬਾਬਲਾ! ਸਾਨੂੰ ਮਿੱਠਤਾਂ ਦੇ ਬੋਲ ਬਥੇਰੇ
ਵੇ ਕੰਢੀ ਪਾ ਕੇ ਤੋਰੀਂ ਬਾਬਲਾ!
ਪੁੱਤਾਂ ਵਾਂਗ ਮੈਂ ਕਮਾਇਆ, ਘਰ ਤੇਰੇ
ਜਿਨ੍ਹਾਂ ਘਰ ਧੀਆਂ ਰੱਖੀਆਂ............

1. ਸੋਨੇ ਦਾ ਇਕ ਮਸ਼ਹੂਰ ਜੇਵਰ : ਸਰਦੈ-ਪੁਜਦੇ ਮਾਪੇ ਧੀਆਂ ਨੂੰ ਕੰਢੀ ਅਤੇ ਪਰ੍ਹਾਉਣੇ ਨੂੰ ਕੈਂਠਾ ਜਾਂ ਦੁੱਲੜੀ (ਦੂਹਰਾ ਕੈਂਠਾ) ਜ਼ਰੂਰ ਪਾਉਂਦੇ ਹੁੰਦੇ ਸਨ।

149/ਦੀਪਕ ਜੈਤੋਈ