ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਛੱਲੀਆਂ, ਛੱਲੀਆਂ
ਛੱਲੀਆਂ ਛੱਲੀਆਂ ਛੱਲੀਆਂ ਵੇ।
ਮਾਹੀਆ! ਤੂੰ ਕਰੀਆਂ ਮੈਂ ਝੱਲੀਆਂ ਵੇ
ਕਿਹੜੀ ਗੱਲੋਂ ਪ੍ਰਦੇਸਾਂ ਮੱਲੀਆਂ ਵੇ
ਪੀੜਾਂ ਕਾਲਜੇ ਚੋਂ ਉੱਠਣ ਅਵੱਲੀਆਂ ਵੇ
ਸੈਆਂ ਚਿੱਠੀਆਂ ਲਖਾ ਕੇ ਘੱਲੀਆਂ ਵੇ,
ਨਿਰਮੋਹੀ ਢੋਲਾ
ਤਾਰੇ ਤਾਰੇ ਤਾਰੇ ਵੇ,
ਅਸੀਂ ਹਿਜਰ ਤਿਰੇ ਦੇ ਮਾਰੇ ਵੇ!
ਸਾਥੋਂ ਦੁਖੜੇ ਨਾ ਜਾਣ ਸਹਾਰੇ ਵੇ
ਤੇਰਾ ਰਸਤਾ ਤੱਕ ਤੱਕ ਹਾਰੇ ਵੇ
ਨਿੱਤ ਜ਼ਿੰਦਗੀ ਨੂੰ ਲਾਈਏ ਲਾਰੇ ਵੇ,
ਨਿਰਮੋਹੀ ਢੋਲਾ
ਪਾਣੀ ਪਾਣੀ ਪਾਣੀ ਵੇ,
ਬੀਬਾ ਸਾਡੀ ਉਮਰ ਨਿਆਣੀ ਵੇ
ਅਸੀਂ ਕਿਸ ਨੂੰ ਕਹੀਏ ਹਾਣੀ ਵੇ।
ਇਹ ਦੁਨੀਆਂ ਰੁੜ ਪੁੜ ਜਾਣੀਂ ਵੇ
ਸਾਡੀ ਤੂੰ ਨਾ ਕਦਰ ਪਛਾਣੀ ਵੇ
ਨਿਰਮੋਹੀ ਢੋਲਾ
ਛੱਲੇ ਛੱਲੇ ਛੱਲੇ ਵੇ,
ਤੇਰੇ ਗ਼ਮ ਨਾ ਜਾਂਦੇ ਝੱਲੇ ਵੇ
ਤੇਰਾ ਬਿਰਹਾ ਸੀਨਾ ਸੱਲੇ ਵੇ
ਕਿੱਦਾਂ ਕਟੀਏ ਉਮਰ ਇਕੱਲੇ ਵੇ
ਅਸੀਂ ਸੱਖਣੇ, ਜੱਗ ਤੋਂ ਚੱਲੇ ਵੇ
ਨਿਰਮੋਹੀ ਢੋਲਾ
154/ਦੀਪਕ ਜੈਤੋਈ