ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਸਤੋ!

ਆਦਮੀਅਤ ਦਾ ਨਾ ਐਂ ਹੁਲੀਆ ਵਿਗਾੜੋ ਦੋਸਤੋ
ਅੱਗ ਲਾਕੇ ਇਹ ਚਮਨ ਹੱਥੀਂ ਨਾ ਸਾੜੋ ਦੋਸਤੋ

ਇਸ਼ਕ ਦੇ ਨਗ਼ਮੇ ਸੁਣਾਉ ਗੀਤ ਗਾਉ ਪਿਆਰ ਦੇ
ਇਸ਼ਕ ਵਾਲੇ ਇਸ ਤਰ੍ਹਾਂ ਨ ਬਦ ਇਰਾਦੇ ਧਾਰਦੇ
ਬਾਗ਼ ਚੋਂ ਨਫ਼ਰਤ ਦਾ ਹਰ ਬੂਟਾ ਉਖਾੜੋ ਦੋਸਤੋ!
ਅੱਗ ਲਾਕੇ ਇਹ ਚਮਨ...........

ਪੰਛੀਆਂ ਦੇ ਗੀਤ ਕੁਰਲਾਟਾਂ 'ਚ ਨਾ ਬਦਲਣ ਦਿਉ
ਫੁੱਲਾਂ ਦੀ ਖ਼ੁਸ਼ਬੋ ਤੁਸੀਂ ਲਾਟਾਂ 'ਚ ਨਾ ਬਦਲਣ ਦਿਉ
ਆਪਣੇ ਪੈਰਾਂ ਹੇਠ ਨਾ ਕਲੀਆਂ ਲਿਤਾੜੋ ਦੋਸਤੋ!
ਅੱਗ ਲਾਕੇ ਇਹ ਚਮਨ...........

ਜੇ ਕਿਤੇ ਬਰਬਾਦ ਕਰ ਬੈਠੇ ਤੁਸੀਂ ਖ਼ੁਸ਼ਹਾਲੀਆਂ
ਫਿਰ ਕਿਸੇ ਭੀ ਫੁੱਲ ਉੱਤੇ ਰਹਿਣੀਆਂ ਨਈਂ ਲਾਲੀਆਂ
ਰੌਣਕਾਂ ਗੁਲਸ਼ਨ ਦੀਆਂ ਐਂ ਨਾ ਉਜਾੜੋ ਦੋਸਤੋ!
ਅੱਗ ਲਾਕੇ ਇਹ ਚਮਨ..........

ਕਦਰ ਦਾਨੋਂ! ਇਸ਼ਕ ਦਾ ਮਜ਼ਮੂਨ ਸਸਤਾ ਨਾ ਕਰੋ!
ਬੇ-ਕਸੂਰੇ ਪੰਛੀਆਂ ਦਾ ਖੂਨ ਸਸਤਾ ਨਾ ਕਰੋ!
ਕਾਲਜਾ ਕੁਦਰਤ ਦਾ ਨਾ ਛੂਹਿਆਂ ਥੀਂ ਪਾੜੋ ਦੋਸਤੋ!
ਅੱਗ ਲਾਕੇ ਇਹ ਚਮਨ........

ਫਿਰ ਚਮਨ ਖ਼ਤਰੇ 'ਚ ਸਮਝੋ, ਜੇ ਰਹੀ ਨਾ ਸ਼ਾਂਤੀ
ਬੁਝ ਗਿਆ ਦੀਪਕ ਤਾਂ ਫਿਰ ਲੱਭੋਗੇ ਕਿਥੋਂ ਰੌਸ਼ਨੀ
ਬੇ ਵਜ੍ਹਾ ਨਾ ਜ਼ਿੰਦਗੀ ਸੂਲੀ ਤੇ ਚਾਹੜੋ ਦੋਸਤੋ
ਅੱਗ ਲਾਕੇ ਇਹ ਚਮਨ ........

ਆਦਮੀਅਤ ਦਾ ਨਾ ਐਂ ਹੁਲੀਆ ਵਿਗਾੜੋ ਦੋਸਤੋ
ਅੱਗ ਲਾ ਕੇ ਇਹ ਚਮਨ ਅਪਣਾ ਨਾ ਸਾੜੋ ਦੋਸਤੋ

157/ਦੀਪਕ ਜੈਤੋਈ