ਇੱਕ ਬੂੰਦ ਪਾਣੀ
ਇੱਕ ਬੂੰਦ ਪਾਣੀ ਬਿਨਾਂ ਜਿੰਦੜੀ ਤਿਹਾਈ ਚੰਨਾ
ਇੱਕ ਬੂੰਦ ਪਾਣੀ ਦੀ ਪਿਲਾ
ਭਲਾ ਜੀ ਸਾਨੂੰ ਤੇਰੀ ਸਹੁੰ!
ਇੱਕ ਬੂੰਦ ਪਾਣੀ ਦੀ ਪਿਲਾ
ਸਮੇਂ ਤੇ ਸਵਾਰ ਹੋਕੇ ਸੱਧਰਾਂ ਜਵਾਨ ਹੋਈਆਂ
ਚਿਰਾਂ ਤੋਂ ਕੁਆਰੇ ਸਾਡੇ ਚਾਅ
ਭਲਾ ਜੀ ਸਾਨੂੰ ਤੇਰੀ ਸਹੁੰ!
ਚਿਰਾਂ ਤੋਂ ਕੁਆਰੇ ਸਾਡੇ ਚਾਅ
ਸੁੱਖਾਂ, ਸੁੱਖ-ਸੁੱਖ ਕੇ ਨਸੀਬ ਹੋਇਆ ਮੇਲ ਤੇਰਾ
ਛੇੜਦੀ ਹੈ ਖ਼ਾਹਿਸ਼ਾਂ ਦੀ ਢਾਣੀ
ਲਾਗੇ ਆ ਕੇ ਸਾਨੂੰ ਤੱਤਾ ਰੇਤਾ ਹੀ ਦਿਖਾਈ ਦਿੱਤਾ
ਜਿਹੜਾ ਦੂਰੋਂ ਦਿਸਦਾ ਸੀ ਪਾਣੀ
ਕਾਲਜੇ ਦੀ ਅੱਗ ਸਾੜ ਦੇਵੇ ਨਾ ਈਮਾਨ ਕਿਤੇ
ਮੱਚੜੀ ਇਹ ਅੱਗ ਤਾਂ ਬੁਝਾ
ਭਲਾ ਜੀ ਸਾਨੂੰ ਤੇਰੀ ਸਹੁੰ!
ਕੇਰਾਂ ਸਾਡੀ ਅੱਗ ਤਾਂ ਬੁਝਾ
ਏਦਾਂ ਅਰਮਾਨਾਂ ਦਾ ਤੂਫ਼ਾਨ ਉੱਠੇ ਹਿੱਕੜੀ ਚੋਂ
ਜਿੱਦਾਂ ਬੀਕਾਨੇਰ ਚੋਂ ਹਨ੍ਹੇਰੀ
ਕੋਸ਼ਿਸ਼ਾਂ ਦੇ ਨਾਲ ਸਦਾ ਸਾਂਭ-ਸਾਂਭ ਰੱਖਦੀ ਹਾਂ
ਟੁੱਟ ਪੈਣੇ ਚਾਅਵਾਂ ਦੀ ਦਲੇਰੀ
ਸ਼ੂਕਦੀਆਂ ਆਉਣ ਜਜ਼ਬਾਤਾਂ ਦੀਆਂ ਛੱਲਾਂ
ਇਹਨਾਂ ਲੱਜ ਦੇ ਕਿਨਾਰੇ ਦੇਣੇ ਢਾ
ਭਲਾ ਜੀ ਸਾਨੂੰ ਤੇਰੀ ਸਹੁੰ!
ਲੱਜ ਦੇ ਕਿਨਾਰੇ ਢੇਣੇ ਢਾ
ਇੱਕ ਡਰ ਮਾਰੇ ਰਾਜੇ ਬਾਬਲੇ ਦੀ ਪੱਗ ਦਾ ਵੇ
ਦੂਜੇ ਤੇਰੇ ਸਿਹਰਿਆਂ ਦੀ ਸੰਗ
ਜਾਣਦੀ ਹਾਂ ਓਦਾਂ ਜਿਹੜੇ ਪਾਲੇ ਦੇ ਨੇ ਮਾਰੇ ਫੁੱਲ
ਉਹਨਾਂ ਉੱਤੇ ਆਉਂਦਾ ਨਹੀਂ ਰੰਗ
ਕਦੀ-ਕਦੀ ਏਦਾਂ ਭੀ ਖ਼ਿਆਲ ਆਉਂਦੈ 'ਦੀਪਕਾ, ਵੇ!
ਲਾਂਬੂ ਲਵਾਂ ਜ਼ਿੰਦਗੀ ਨੂੰ ਲਾ
ਭਲਾ ਜੀ ਮੈਨੂੰ ਤੇਰੀ ਸਹੁੰ!
ਲਾਂਬੂ ਲਵਾਂ ਜ਼ਿੰਦਗੀ ਨੂੰ ਲਾ
159/ਦੀਪਕ ਜੈਤੋਈ