ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ਼ਕ ਨਿਮਾਣਾ

ਕੀ ਬਚਣੈਂ ਉਹਨਾਂ ਨੇ ਪਿਆਰ ਰੋਗ ਜਿਨ੍ਹਾਂ ਹੈ ਲਾਇਆ
ਇਹ ਇਸ਼ਕ ਨਮਾਣਾ ਨੀ ਰਾਸ ਨਾ ਕਦੇ ਕਿਸੇ ਨੂੰ ਆਇਆ

ਚੂਚਕ ਦੀਆਂ ਰਾਂਝੇ ਨੇ ਸੀ ਮੱਝਾਂ ਬਾਰਾਂ ਸਾਲ ਚਰਾਈਆਂ
ਖੁੱਸ ਹੀਰ ਗਈ ਹੱਥੋਂ-ਪੜਾ-ਕੇ ਕੰਨ ਉਸ ਮੁੰਦਰਾਂ ਪਾਈਆਂ
ਪਿੰਡ-ਖੇੜੇ ਜਾਕੇ ਸੀ-ਜੱਟ ਨੇ ਘਰ ਘਰ ਨਾਦ ਵਜਾਇਆ
ਇਹ ਇਸ਼ਕ ਨਮਾਣਾ ਨੀ!ਰਾਸ...........

ਝੱਟ ਬਹਿ ਗਈ ਬੱਕੀ ਤੇ, ਇਸ਼ਕ ਨੇ ਸਾਹਿਬਾਂ ਦੀ ਮੱਤ ਮਾਰੀ
ਪਰ ਵੇਖ ਭਰਾਵਾਂ ਨੂੰ, ਯਾਰ ਦੇ ਨਾਲ ਭਰੀ ਗ਼ੱਦਾਰੀ
ਭੰਨ ਤਰਕਸ਼ ਮਿਰਜ਼ੇ ਦਾ, ਜੱਟ ਨੂੰ ਜੰਡ ਦੇ ਹੇਠ ਵਢਾਇਆ।
ਇਹ ਇਸ਼ਕ ਨਮਾਣਾ ਨੀ..............

ਇਕ ਸੁਹਣੀਂ ਦੇ ਪਿੱਛੇ- ਹੋ ਗਿਆ ਇੱਜ਼ਤਬੇਗ ਸ਼ੁਦਾਈ
ਅੱਗ ਲਾਕੇ ਇੱਜ਼ਤ ਨੂੰ, ਓਸ ਨੇ ਭਾਂਡਿਆਂ ਦੀ ਹੱਟ ਪਾਈ
ਮੱਛੀ ਦੀ ਥਾਂ ਉਸ ਨੇ, ਸੀ ਚੀਰ ਕੇ, ਪੱਟ ਦਾ ਮਾਸ ਖੁਆਇਆ
ਇਹ ਇਸ਼ਕ ਨਮਾਣਾ ਨੀ.............

ਪੱਟ ਦਿੱਤੀ ਦਾਰੂ ਨੇ, ਸੌਂ ਗਈ ਸੱਸੀ ਜਾਮ ਚੜ੍ਹਾ ਕੇ
ਹਥ ਮਲਦੀ ਹੀ ਰਹਿ ਗਈ, ਪੁਨੂੰ ਨੂੰ ਲੈ ਗਏ 'ਹੋਤ' ਉਠਾ ਕੇ
ਉਹ ਬਲ ਵਿੱਚ ਸੜ ਮੋਈ-ਰੂਪ ਨੂੰ ਹੱਥੀਂ ਲਾਂਬੂ ਲਾਇਆ
ਇਹ ਇਸ਼ਕ ਨਮਾਣਾ ਨੀ............

ਮਲਕੀ-ਤੇ-ਕੀਮੇ ਦੀ, ਦੀਪਕਾ ਭੁੱਲਿਐ ਕੌਣ ਕਹਾਣੀ
ਖ਼ੁਦ ਮੌਤ ਸਹੇੜ ਲਈ ਨ ਮੁੜਿਆ ਪਰ ਹੋਣੀ ਦਾ ਹਾਣੀ
ਉਸ ਨੇ ਆਪਣਾ ਪਿੰਡਾ, ਅੰਤ ਕੀਮਾ-ਕੀਮਾ ਕਰਵਾਇਆ
ਇਹ ਇਸ਼ਕ ਨਮਾਣਾ ਨੀ.............

ਕੀ ਬਚਣੈ ਉਹਨਾਂ ਨੇ, ਪਿਆਰ ਦਾ ਰੋਗ ਜਿਨ੍ਹਾਂ ਹੈ ਲਾਇਆ
ਇਹ ਇਸ਼ਕ ਨਮਾਣਾ ਨੀ ਰਾਸ ਨਾ ਕਦੇ ਕਿਸੇ ਨੂੰ ਆਇਆ

158/ਦੀਪਕ ਜੈਤੋਈ