ਕੌਮੀ ਝੰਡਾ
ਲੱਖਾਂ ਹੀ ਉਪਕਾਰ ਕਮਾਏ ਇਸ ਨੇ ਹਿੰਦੋਸਤਾਨ ਤੇ
ਇਹ ਪਿਆਰਾ ਤਿੰਨ ਰੰਗਾ ਝੰਡਾ ਲਹਿਰਾਵੇ ਅਸਮਾਨ ਤੇ
ਇਹ ਝੰਡਾ ਹੀ ਮਿਲਵਰਤਣ ਦੀ ਰੀਤ ਸਿਖਾਉਂਦੇ ਲੋਕਾਂ ਨੂੰ
ਲਹਿਰ ਲਹਿਰ ਕੇ ਪਿਆਰਾਂ ਦਾ ਸੰਗੀਤ ਸਿਖਾਉਂਦੈ ਲੋਕਾਂ ਨੂੰ
ਅਜ ਇਹ ਦੁਨੀਆਂ ਫੁੱਲ ਚੜ੍ਹਾਵੇ ਇਸ ਦੇ ਹਰ ਫ਼ੁਰਮਾਨ ਤੇ
ਇਹ ਪਿਆਰਾ ਤਿੰਨ ਰੰਗਾ ਝੰਡਾ..........
ਦੁਨੀਆਂ ਨੂੰ ਪੈਗ਼ਾਮ ਏਸ ਨੇ ਅੜੀਉ ਨਵਾਂ ਸੁਣਾਇਆ ਏ
ਮੈਂ ਬਲਿਹਾਰੀ, ਜਿਸ ਨੇ ਇਸ ਦਾ ਸੁੰਦਰ ਰੂਪ ਬਣਾਇਆ ਏ
ਜਾਦੂ ਕਰ ਦਿੱਤਾ ਹੈ ਇਸ ਨੇ ਮੇਰੇ ਭੀ ਈਮਾਨ ਤੇ
ਇਹ ਪਿਆਰਾ ਤਿੰਨ ਰੰਗਾ ਝੰਡਾ...........
ਇਹ ਲਹਿਰਾਵੇ, ਤਾਂ ਇਸ ਵਿੱਚੋਂ ਫੁੱਲ ਅਮਨ ਦੇ ਕਿਰਦੇ ਨੇ
ਇਸ ਦੀਆਂ ਰਮਜ਼ਾਂ, ਓਹੀ ਸਮਝਣ ਸਾਫ਼ ਜਿਨ੍ਹਾਂ ਦੇ ਹਿਰਦੇ ਨੇ
ਸ਼ਾਲਾ! ਇਸ ਦੀ ਸ਼ੁਹਰਤ ਚਮਕੇ, ਜੁੱਗਾਂ ਤੀਕ ਜਹਾਨ ਤੇ
ਇਹ ਪਿਆਰਾ ਤਿੰਨ ਰੰਗਾ ਝੰਡਾ...........
ਹਰ ਮੁਸ਼ਕਿਲ ਆਸਾਨ ਬਣੇਂਗੀ- ਏਸ ਸਹਾਰੇ ਭਾਰਤ ਦੀ
ਚਮਕੇਗੀ ਤਕਦੀਰ ਯਕੀਨੀਂ, ਇਸ ਦੁਖਿਆਰੇ ਭਾਰਤ ਦੀ
ਐ ਦੀਪਕ! ਬਲਿਹਾਰੇ ਜਾਈਏ, ਇਸ ਦੀ ਸੁਹਣੀ ਸ਼ਾਨ ਤੇ
ਇਹ ਪਿਆਰਾ ਤਿੰਨ ਰੰਗਾ ਝੰਡਾ,
ਲਹਿਰਾਵੇ ਅਸਮਾਨ ਤੇ
167/ਦੀਪਕ ਜੈਤੋਈ