ਵੀਰਾਂ ਦੀ ਕੁਰਬਾਨੀ
ਅਮਰ ਸ਼ਹੀਦਾਂ ਨੇ ਸਿਰ ਦੇ ਕੇ-
-ਬਨ੍ਹਿਆ ਮੁਢ ਕਹਾਣੀ ਦਾ
ਇਹ ਆਜ਼ਾਦੀ ਅਮਰ-ਚਿੰਨ੍ਹ ਹੈ,
-ਵੀਰਾਂ ਦੀ ਕੁਰਬਾਨੀ ਦਾ
ਲੱਖਾਂ ਹਨ ਪ੍ਰਣਾਮ ਉਨ੍ਹਾਂ ਨੂੰ ਜਿਨ੍ਹਾਂ ਇਸ਼ਕ ਨਿਭਾਇਆ ਏ
ਆਜ਼ਾਦੀ ਦੀ ਭੇਟ ਜਿਨ੍ਹਾਂ ਨੇ ਜੀਵਨ-ਫੁਲ ਚੜ੍ਹਾਇਆ ਏ
ਨਾਲ ਸਿਰਾਂ ਦੇ ਮੁੱਲ ਚੁਕਾਇਆ ਇਸ ਦੀ ਭਰੀ ਜਵਾਨੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ...........
ਮਹਾਰਾਣਾ ਪ੍ਰਤਾਪ-ਸ਼ਿਵਾਜੀ, ਬੰਦਾ ਬੀਰ ਮਹਾਨ ਨੇ
ਲਹੂ ਡੋਲ੍ਹਿਆ ਕਲਗੀਧਰ ਨੇ, ਉਹਨਾਂ ਦੀ ਸੰਤਾਨ ਨੇ
ਨਾਲ ਉਨ੍ਹਾਂ ਦੇ ਨਾਂ ਰੌਸ਼ਨ ਹੈ, ਝਾਂਸੀ ਵਾਲੀ ਰਾਣੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ ..........
ਚੰਦਰ ਸ਼ੇਖਰ ਖੂਨ ਪਿਲਾਇਆ ਇਸ ਦੀ ਜੀਭ ਪਿਆਸੀ ਨੂੰ
ਭਗਤ ਸਿੰਘ ਜਿਹੇ ਬੀਰ ਝੂਲ ਗਏ ਪੀਂਘ ਸਮਝ ਕੇ ਫਾਂਸੀ ਨੂੰ
ਲੰਦਨ ਜਾਕੇ ਊਧਮ ਸਿੰਘ ਨੇ ਬਦਲਾ ਲਿਆ ਸ਼ੈਤਾਨੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ ..........
ਨੇਤਾ ਦੇ ਪ੍ਰਦੇਸ ਜਾਣ ਦੀਆਂ ਭੁੱਲਿਆ ਕੌਣ ਤਰੀਕਾਂ ਨੇ
ਜਿਸ ਦੇ ਮੁੜ ਆਵਣ ਦੀਆਂ ਹੁਣ ਤਕ ਕਰਦਾ ਦੇਸ਼ ਉਡੀਕਾਂ ਨੇ
ਜਿਸ ਦੇ ਸਜਦੇ ਵਿੱਚ ਸਿਰ ਝੁਕਦੈ-ਹਰ ਇਕ ਹਿੰਦੋਸਤਾਨੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ...........
ਹੁਣ ਜਾਵਣ ਹੱਦਾਂ ਤੋਂ ਪਾਸੇ ਜੋ ਜੋਗੀ ਦੀਵਾਨੇ ਹਨ
ਇਸ ਦੀ ਰੱਖਿਆ ਲਈ ਕਰੋੜਾਂ ਸਿਰ ਲੱਥੇ ਪਰਵਾਨੇ ਹਨ
ਐ ਦੀਪਕ-ਮੂੰਹ ਮੋੜ ਦਿਆਂਗੇ-ਹਰ ਦੁਸ਼ਮਨ ਅਭਿਮਾਨੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ...........
ਅਮਰ ਸ਼ਹੀਦਾਂ ਨੇ ਸਿਰ ਦੇ ਕੇ ਬੰਨ੍ਹਿਆਂ ਮੁੱਢ ਕਹਾਣੀ ਦਾ
ਇਹ ਆਜ਼ਾਦੀ ਅਮਰ ਚਿੰਨ੍ਹ ਹੈ, ਵੀਰਾਂ ਦੀ ਕੁਰਬਾਨੀ ਦਾ
166/ਦੀਪਕ ਜੈਤੋਈ