ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਰ ਗੋਲੀ... ਆਪ ਈ ਮਾਰ ਦੇ... ਆ... ਇਹ ਸੁਣ ਉਸ ਮੇਰਾ ਰਸਤਾ ਛੱਡ ਦਿੱਤਾ... ਫਿਰ ਬੜੀ ਹੀ ਇੱਜ਼ਤ ਕਰਨ ਲੱਗ ਪਿਆ... ਫਿਰ ਮੇਰਾ ਇਕ ਗੀਤ ਗੁਰਪਾਲ ਸਿੰਘ ਪਾਲ ਨੇ ਗਾਇਆ-

"ਤੈਥੋਂ ਬੰਦਿਆ ਬੁਰਾਈਆਂ ਦਿਲੋਂ ਟਾਲ਼ੀਆਂ ਨਾ ਗਈਆਂ,
ਧੌਲੇ ਆਏ, ਕਰਤੂਤਾਂ ਅਜੇ ਕਾਲ਼ੀਆਂ ਨਾ ਗਈਆਂ..."

ਮੇਰਾ ਲਿਖਿਆ ਇਕ ਗੀਤ 'ਏਹ ਦੁਨੀਆਂ ਰੰਗ-ਬਰੰਗੀ ਹੈ' ਵੀ ਖ਼ੂਬ ਸੁਣਿਆ-ਸਲਾਹਿਆ ਗਿਆ... ਫਿਰ ਸਮਾਂ ਪਿਆ ਤੇ ਮੈਂ ਦੇਖਿਆ ਗੀਤ ਅਸ਼ਲੀਲ ਤੇ ਬੇਤੁਕੇ ਹੋਈ ਜਾਣ ਲੱਗੇ ਹਨ ਤਾਂ ਮੈਂ ਗ਼ਜ਼ਲਕਾਰੀ ਵੱਲ ਆ ਗਿਆ... ਉਰਦੂ ਅਦੀਬ ਇਹ ਸਮਝਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਨਹੀਂ ਲਿਖੀ ਜਾ ਸਕਦੀ ਤੇ ਮੈਂ ਕਿਹਾ, ਮੈਂ ਲਿਖਾਂਗਾ ਤੇ 1952 ਵਿਚ ਮੈਂ ਬਾਕਾਇਦਗੀ ਨਾਲ ਉਸਤਾਦ ਸਾਹਿਬ ਮੁਜ਼ਰਿਮ ਦਸੂਹੀ ਜੀ ਨੂੰ ਆਪਣਾ ਉਸਤਾਦ ਧਾਰਨ ਕੀਤਾ... ਮੇਰੀ ਸ਼ਿਸ਼ ਪਰੰਪਰਾ ਦਾ ਸਿੱਧਾ ਸਬੰਧ ਸ਼ਰਧਾ ਰਾਮ ਫ਼ਲੌਰੀ ਨਾਲ ਜਾ ਜੁੜਦੈ, ਕਿਉਂਕਿ ਉਹ ਮੇਰੇ ਗੁਰੂ ਦੇ ਗੁਰੂ ਸਨ, ਸ਼ਰਧਾ ਰਾਮ ਫਲੌਰੀ ਨੇ ਆਰਤੀ ਲਿਖੀ- 'ਓਮ ਜੈ ਜਗਦੀਸ਼ ਹਰੇ...' ਮੈਨੂੰ ਲੋਕਾਂ ਨੇ ਗ਼ਜ਼ਲ ਦਾ ਮੋਢੀ ਮੰਨ ਲਿਐ।"

******

ਦੀਪਕ ਜੈਤੋਈ ਨੇ ਦਰਜਨ ਪੁਸਤਕਾਂ ਲਿਖੀਆਂ। ਇਕ ਪੁਸਤਕ 'ਗ਼ਜ਼ਲ ਕੀ ਹੈ', ਬੇਹੱਦ ਮਕਬੂਲ ਹੋਈ। ਲਗਪਗ ਪੰਜਾਹ ਪੁਸਤਕਾਂ ਛਪਣ ਜੋਗੇ ਖਰੜੇ ਤਿਆਰ ਪਏ ਰਹਿ ਗਏ। ਦੀਪਕ ਜੀ ਦੇ ਸ਼ਾਗਿਰਦਾਂ ਹਰਜਿੰਦਰ ਬੱਲ ਤੇ ਅਮਰਜੀਤ ਸੰਧੂ ਨੇ ਦੀਪਕ ਜੀ ਦੀ ਸ਼ਿਸ਼ ਪਰੰਪਰਾ ਬਾਰੇ 'ਦੀਪਕ ਗ਼ਜ਼ਲ ਸਕੂਲ' ਕਿਤਾਬ ਲਿਖੀ। ਦੀਪਕ ਜੀ ਨੇ ਗ਼ਜ਼ਲ ਦੇ ਬਾਬਾ ਬੋਹੜ ਵਜੋਂ ਦੁਨੀਆਂ ਭਰ ਵਿਚ ਆਪਣੀ ਪਛਾਣ ਤਾਂ ਬਣਾ ਲਈ, ਪਰੰਤੂ ਜਿੰਨਾ ਲੋਕੀਂ ਉਸਦੀ ਗ਼ਜ਼ਲ ਨੂੰ ਪਸੰਦ ਕਰਦੇ ਸਨ, ਓਨਾ ਹੀ ਉਹਦੀ 'ਦਾਰੂ ਪੀਣੀ' ਨੂੰ ਬੁਰਾ ਮੰਨਦੇ ਸਨ। ਆਪਣੇ ਅੰਤਲੇ ਵੇਲੇ ਸਖ਼ਤ ਬਿਮਾਰ ਪੈ ਜਾਣ ਪਿੱਛੋਂ ਹੀ (ਥੋੜੇ ਸਮੇਂ ਲਈ) ਦੀਪਕ ਜੀ ਨੇ ਸ਼ਰਾਬ ਛੱਡੀ ਸੀ। ਸ਼ਰਾਬ ਪੀਤੀ ਹੋਣ 'ਤੇ ਉਹ ਕਈ ਵਾਰੀ ਸਮਾਗਮਾਂ ਦੇ ਮੁੱਖ-ਮਹਿਮਾਨਾਂ ਨੂੰ ਵੀ ਪੈ ਨਿਕਲਦੇ ਸਨ। ਇਕ ਵਾਰੀ ਬਠਿੰਡੇ ਅਟੱਲ ਬਿਹਾਰੀ ਵਾਜਪਾਈ ਨੂੰ ਪੈ ਗਏ, 'ਤੂੰ ਤੂੰ' ਕਰਕੇ! ਥੋੜੇ ਚਿਰ ਪਿੱਛੋਂ ਵਾਜਪਾਈ ਨੇ ਚਿੱਠੀ ਲਿਖੀ, ਜੋ ਦੀਪਕ ਜੀ ਹਰੇਕ ਆਏ-ਗਏ ਨੂੰ ਦਿਖਾਉਂਦੇ ਰਹੇ। ਵਾਜਪਾਈ ਨਾਲ ਉਹਨਾਂ ਕੁਝ ਸਮਾਂ ਕੰਮ ਵੀ ਕੀਤਾ ਸੀ ਭਾਜਪਾ ਪਾਰਟੀ ਵਿਚ।

ਦੀਪਕ ਜੀ ਕਹਿੰਦੇ ਸਨ, "ਮੇਰਾ ਕੋਈ ਦੁਸ਼ਮਣ ਨਹੀਂ।" ਉਹ ਹਰੇਕ ਥਾਂ ਆਪਣਾ ਇਕ ਸ਼ੇਅਰ ਪੜ੍ਹਦੇ,

"ਦੋਸਤ ਤੋਂ ਦੋਸਤ ਹੈ,

17/ਦੀਪਕ ਜੈਤੋਈ