ਸਿੱਖੀ ਦਾ ਸਿਰਜਣਹਾਰ
ਅੰਮ੍ਰਿਤ 'ਚ ਘੁਲਿਆ ਪਿਆਰ ਹੈ ਸਿੱਖੀ ਦੇ ਸਿਰਜਣ ਹਾਰ ਦਾ
ਇਨਸਾਨ ਤੇ ਉਪਕਾਰ ਹੈ- ਸਿੱਖੀ ਦੇ ਸਿਰਜਣ ਹਾਰ ਦਾ
ਸਿਰ ਵਾਰ ਕੇ ਭੀ ਹੱਸਣਾ, ਅੰਮ੍ਰਿਤ ਦੀ ਇਹ ਤਾਸੀਰ ਹੈ
ਅੰਮ੍ਰਿਤ ਦੀ ਘੁੱਟਾਂ ਦੇ ਅੰਦਰ, ਕੌਮ ਦੀ ਤਕਦੀਰ ਹੈ
ਕੀਤਾ ਹੋਇਆ ਇਕਰਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ
ਇਨਸਾਨ ਤੋ ਉਪਕਾਰ ਹੈ ..........
ਲਲਕਾਰ ਹੈ ਇਸਦੀ, ਸਿਰਾਂ ਦੇ ਦਾਨੀਆਂ ਦੀ ਲੋੜ ਹੈ
ਖੰਡਾ ਤੇ ਬਾਟਾ ਕਹਿ ਰਿਹੈ-ਬਲੀਦਾਨੀਆਂ ਦੀ ਲੋੜ ਹੈ
ਸਜਿਆ ਹੋਇਆ ਦਰਬਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ
ਇਨਸਾਨ ਤੇ ਉਪਕਾਰ ਹੈ..........
ਇਸ ਦੀ ਸੁਗੰਧੀ ਅਣਖ ਹੈ, ਕੁਰਬਾਨੀ ਇਸ ਦੀ ਆਨ ਹੈ
ਇਹ ਮੁਰਦਿਆਂ ਲਈ ਜ਼ਿੰਦਗੀ ਹੈ, ਜ਼ਿੰਦਗੀ ਲਈ ਸ਼ਾਨ ਹੈ
ਮਿਹਰਾਂ ਦਾ ਇੱਕ ਭੰਡਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ
ਇਨਸਾਨ ਤੇ ਉਪਕਾਰ ਹੈ..........
ਇਹ ਇਸ਼ਕ ਦਾ ਹਰ ਰੰਗ ਹੈ, ਦੀਵਾਨਿਉਂ ਆਉ ਛਕੋ!
ਇਹ ਮਸਤੀਆਂ ਵਰਤਾ ਰਿਹੈ, ਮਸਤਾਨਿਉਂ ਆਉ ਛਕੋ!
ਹੁੰਦਾ ਪਿਆ- ਦੀਦਾਰ ਹੈ, ਸਿੱਖੀ ਦੇ ਸਿਰਜਣ ਹਾਰ ਦਾ
ਇਨਸਾਨ ਤੇ ਉਪਕਾਰ ਹੈ..........
ਇਸ ਦੀ ਖ਼ਮਾਰੀ ਸਾਹਮਣੇਂ, ਕੀ ਬਾਦਸ਼ਾਹੀਆਂ ਦਾ ਨਸ਼ਾ
ਇਸ ਦੀ ਖ਼ੁਮਾਰੀ ਤੋੜ ਦੇਵੇ, ਸ਼ਹਿਨਸ਼ਾਹੀਆਂ ਦਾ ਨਸ਼ਾ।
ਦੀਪਕ ਤਾਂ ਤਾਅਬੇਦਾਰ ਹੈ, ਸਿੱਖੀ ਦੇ ਸਿਰਜਣਹਾਰ ਦਾ
ਇਨਸਾਨ ਤੇ ਉਪਕਾਰ ਹੈ...........
ਅੰਮ੍ਰਿਤ 'ਚ ਘੁਲਿਆ ਪਿਆਰ ਹੈ, ਸਿੱਖੀ ਦੇ ਸਿਰਜਣਹਾਰ ਦਾ
ਇਨਸਾਨ ਤੇ ਉਪਕਾਰ ਹੈ ਸਿੱਖੀ ਦੇ ਸਿਰਜਣ ਹਾਰ ਦਾ
171/ਦੀਪਕ ਜੈਤੋਈ