ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਨਕੀ ਦਾ ਵੀਰਾ

ਉਹਦੀ ਧੂੜੀ ਮੱਥੇ ਲਾ ਕੇ, ਦੁੱਖ ਦੂਰ ਹੋਣ ਸਾਰੇ
ਬੇਬੇ ਨਾਨਕੀ ਦਾ ਵੀਰਾ, ਡੁੱਬੇ ਜਾਂਦੇ ਬੇੜੇ ਤਾਰੇ

ਉਹਦੇ ਨਾਮ ਦੀ ਦੁਹਾਈ, ਰੋਜ਼ ਦਿੰਦੀਆਂ ਹਵਾਵਾਂ
ਉਹਦੇ ਮਿੱਠੇ ਮਿੱਠੇ ਬੋਲ, ਸਾਂਭੀ ਬੈਠੀਆਂ ਫਜ਼ਾਵਾਂ
ਉਹਦੇ ਨੂਰ ਦੀ ਕਹਾਣੀ, ਪਾਉਂਦੇ ਚੰਨ ਤੇ ਸਿਤਾਰੇ
ਬੇਬੇ ਨਾਨਕੀ ਦਾ ਵੀਰਾ.........

ਉਹ ਸੀ ਸ਼ਾਂਤੀ ਦਾ ਸੋਮਾ, ਉਹ ਸੀ ਸੱਚ ਦਾ ਪੁਜਾਰੀ
ਉਹਦੇ ਨੈਣਾਂ ਵਿੱਚੋਂ ਡੁੱਲ੍ਹਦੀ ਸੀ ਨਾਮ ਦੀ ਖ਼ੁਮਾਰੀ
ਉਹਦਾ ਹੋਵੇ ਜੇ ਇਸ਼ਾਰਾ, ਬੰਦਾ ਲੱਗ ਜਏ ਕਿਨਾਰੇ
ਬੇਬੇ ਨਾਨਕੀ ਦਾ ਵੀਰਾ..........

ਨੀ! ਉਹ ਮੱਝੀਆਂ ਦਾ ਛੇੜੂ, ਜਾਣੇਂ ਕੌਣ ਉਹਦੀ ਮਾਇਆ
ਉਹਨੂੰ ਧੁੱਪੇ ਸੁੱਤਾ ਵੇਖ, ਸ਼ੇਸ਼ਨਾਗ ਕੀਤੀ ਛਾਇਆ
ਤਿੰਨੇ ਲੋਕ ਝੂਮ ਉਠੇ, ਅੱਖੀਂ ਵੇਖ ਕੇ ਨਜ਼ਾਰੇ
ਬੇਬੇ ਨਾਨਕੀ ਦਾ ਵੀਰਾ..........

ਮਾਨ ਤੋੜਿਆ ਵਲੀ ਦਾ-ਪੰਜਾ ਪੱਥਰਾਂ ਤੇ ਲਾਇਆ
ਕੌਡੇ ਜਿਹੇ ਰਾਖਸ਼ਾਂ ਨੂੰ ਉਹਨੇ ਆਦਮੀ ਬਣਾਇਆ
ਸਿੱਧੇ ਤੀਰ ਕੀਤੇ ਠੱਗ- ਪੈਰੀ ਡਿੱਗ ਪਏ ਵਿਚਾਰੇ
ਬੇਬੇ ਨਾਨਕੀ ਦਾ ਵੀਰਾ..........

ਸਚ ਖੰਡ ਤੋਂ ਭੀ ਉੱਚਾ, ਓਸ- ਮਾਹੀ ਦਾ ਦੁਆਰਾ
ਸੀਸ ਦੀਪਕਾ ਝੁਕਾ ਦੇ- ਤੇਰਾ ਚਮਕੇ ਸਿਤਾਰਾ
ਰੱਖ ਗੁਰਾਂ ਤੇ ਭਰੋਸਾ- ਜਿਹੜਾ ਵਿਗੜੀ ਸੰਵਾਰੇ
ਬੇਬੇ ਨਾਨਕੀ ਦਾ ਵੀਰਾ..........

ਉਹਦੀ ਧੂੜੀ ਮੱਥੇ ਲਾਕੇ- ਦੁਖ ਦੂਰ ਹੋਣ ਸਾਰੇ
ਬੇਬੇ ਨਾਨਕੀ ਦਾ ਵੀਰਾ ਡੁੱਬੇ ਜਾਂਦੇ ਬੇੜੇ ਤਾਰੇ

170/ਦੀਪਕ ਜੈਤੋਈ