ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਲਸੇ ਨੇ ਖੇਲੀਆਂ

ਵੈਰੀਆਂ ਨੇ ਸਾਡੀਆਂ ਜਾਂ, ਇੱਜ਼ਤਾਂ ਮਧੋਲੀਆਂ
ਖ਼ਾਲਸੇ ਨੇ ਖੇਲੀਆਂ, ਲਹੂ ਦੇ ਨਾਲ ਹੋਲੀਆਂ

ਮਾਲੀਆਂ ਦਾ ਕਾਬੂ ਜਦੋਂ ਰਿਹਾ ਨਾ ਬਹਾਰਾਂ ਤੇ
ਟੁੱਟ ਪੈਣੇਂ ਬਾਜ਼, ਪੈ ਗਏ ਟੁੱਟ ਕੇ ਗੁਟਾਰਾਂ ਤੇ
ਮੱਲੋ-ਮੱਲੀ ਖੁਹ ਕੇ ਲੈ ਗਏ, ਵੈਰੀ ਜਦੋਂ ਡੋਲੀਆਂ
ਖਾਲਸੇ ਨੇ ਖੋਲੀਆਂ............

ਪੈਰਾਂ ਹੇਠਾਂ ਰੋਲੀਆਂ ਜਾਂ ਪੱਗਾਂ ਤਾਜ਼ਦਾਰਾਂ ਨੇ
ਝੱਟ ਸੂਤ-ਲਈਆਂ ਤਲਵਾਰਾਂ ਸਰਦਾਰਾਂ ਨੇ
ਬੁੱਕੀਆਂ ਮੈਦਾਨ ਵਿੱਚ- ਸ਼ੇਰਾਂ ਦੀਆਂ ਟੋਲੀਆਂ
ਖਾਲਸੇ ਨੇ ਖੇਲੀਆਂ............

ਸਿੰਘਾਂ! ਅਬਦਾਲੀ ਭੀ ਭਜਾ ਕੇ ਏਥੋਂ ਛੱਡਿਆ!
ਨਲਵੇ ਨੇ ਝੰਡਾ, ਜਮਰੌਦ ਜਾਕੇ ਗੱਡਿਆ
ਯੋਧੇ ਨਾ ਸਹਾਰ ਦੇ, ਸ਼ਰੀਕਾਂ ਦੀਆਂ ਬੋਲੀਆਂ
ਖਾਲਸੇ ਨੇ ਖੇਲੀਆਂ............

ਸਿੱਖਾਂ, ਨੱਥਾਂ ਪਾਈਆਂ ਜਦੋਂ ਭੂਤਰੇ ਤੂਫ਼ਾਨਾਂ ਦੇ
ਉੱਤਰੇ ਖ਼ਮਾਰ, ਉੱਡੇ ਰੰਗ ਸੁਲਤਾਨਾਂ ਦੇ
ਸਹਿਮਿਆਂ ਮਮੋਲਿਆਂ ਨੇ, ਝੱਟ ਅੱਖਾਂ ਖੋਲ੍ਹੀਆਂ
ਖਾਲਸੇ ਨੇ ਖੇਲੀਆਂ.............

ਹੁੰਦਾ ਅਵਤਾਰ ਜੇ ਨਾ ਪੰਥ ਮਹਾਰਾਜ ਦਾ
ਕੌਣ ਬੇੜਾ ਬੰਨੇ ਲਾਉਂਦਾ ਦੀਪਕ! ਸਮਾਜ ਦਾ
ਕੌਮ ਪਿੱਛੇ ਕੌਣ ਖਾਂਦਾ, ਸੀਨੇ ਉਤੇ ਗੋਲੀਆਂ
ਖਾਲਸੇ ਨੇ ਖੇਲੀਆਂ.............

ਵੈਰੀਆਂ ਨੇ ਸਾਡੀਆਂ ਜਾਂ ਇੱਜ਼ਤਾਂ ਮਧੋਲੀਆਂ
ਖਾਲਸੇ ਨੇ ਖੇਲੀਆਂ, ਲਹੂ ਦੇ ਨਾਲ ਹੋਲੀਆਂ

172/ਦੀਪਕ ਜੈਤੋਈ