ਇਕ ਪਾਸੇ ਲੰਗਰ ਵਰਤ ਰਿਹਾ ਹੈ। ਔਰਤਾਂ ਦੀ ਇਕ ਟੋਲੀ ਖੱਟੇ-ਰੰਗਾ ਕੜਾਹ (ਮੇਵੇ ਵਾਲਾ) ਖਾਂਦੀ ਹੱਸ ਰਹੀ ਹੈ। ਸਾਹਿਤਕਾਰ ਤੇ ਹੋਰ ਬੰਦੇ ਮੂੰਗੀ ਸਾਬਤ ਦਾਲ ਨਾਲ ਤੰਦੂਰ ਦੀਆਂ ਰੜ੍ਹੀਆਂ ਰੋਟੀਆਂ ਖਾਂਦੇ ਆਪੋ-ਆਪਣਾ ਦੁੱਖ-ਸੁੱਖ ਫੋਲ ਰਹੇ ਹਨ। ਉਸਤਾਦ ਦੀਪਕ ਨੂੰ ਕੋਈ-ਕੋਈ ਯਾਦ ਕਰ ਰਿਹੈ... ਉਸਦਾ ਹੁਣ ਭੋਗ ਪੈ ਰਿਹੈ... ਉਸ ਨੂੰ ਯਾਦ ਕਰਨ ਦੀ ਕੀ ਲੋੜ ਰਹਿ ਗਈ ਹੈ ਹੁਣ...?
ਮੈਂ ਗੁਰਦੁਆਰਾ ਗੇਟ ਦੇ ਨੇੜੇ ਖਲੋਤਾ ਹਾਂ। ਪਦਮ ਸ੍ਰੀ ਗੁਰਦਿਆਲ ਸਿੰਘ ਆ ਗਏ ਹਨ। ਹਮੇਸ਼ਾ ਦੀ ਤਰ੍ਹਾਂ ਗੰਭੀਰ ਮੁਦਰਾ... ਗਰਮ ਲੋਈ ਦੀ ਬੁੱਕਲ ਮਾਰੀ ਹੋਈ। ਜੁੱਤੇ ਉਤਾਰਨ ਲਗਦੇ ਹਨ ਤਾਂ ਲਾਗਿਓਂ ਕੋਈ ਆਖਦਾ ਹੈ, "ਪ੍ਰੋ. ਸਾਹਿਬ ਪਹਿਲਾਂ ਚਾਹ ਪੀ ਲਓ।"
"ਨਹੀਂ, ਨਹੀਂ, ਮੈਂ ਚਾਹ ਨਹੀਂ....।" ਕਹਿ ਕੇ ਉਹ ਪੰਡਾਲ ਵੱਲ ਚਲੇ ਜਾਂਦੇ ਹਨ।
ਮੋਟੇ ਢਿੱਡਾਂ ਵਾਲੇ, ਚਿੱਟੇ ਚੋਲਿਆਂ ਤੇ ਕਾਲੀਆਂ ਵਾਸਕਟਾਂ ਵਾਲੇ, ਚੋਪੜੇ ਸਿਰਾਂ ਤੇ ਫੁੱਲੇ ਮੂੰਹਾਂ ਵਾਲੇ ਨੇਤਾ-ਜਨ ਵੀ ਪਧਾਰ ਰਹੇ ਸਨ, ਜੋ ਅੱਜ ਮਹਾਨ ਸ਼ਾਇਰ ਨੂੰ 'ਸੱਚੀਆਂ ਸ਼ਰਧਾਂਜਲੀਆਂ' ਦੇਣ ਲਈ ਉਚੇਚੇ ਤੌਰ 'ਤੇ ਵੇਲਾ ਕੱਢ ਕੇ ਪਧਾਰੇ ਹਨ। ਉਸਤਾਦ ਦੀਪਕ ਜੀ ਦੀ ਛੋਟੀ ਭੈਣ ਤੇ ਰਾਜ ਸਭਾ ਦੀ ਮੈਂਬਰ ਬੀਬੀ ਗੁਰਚਰਨ ਕੌਰ ਹਰੇਕ ਆਣ-ਜਾਣ ਵਾਲੇ ਨੂੰ ਹੱਥ ਜੋੜ ਕੇ ਫ਼ਤਹਿ ਬੁਲਾ ਰਹੀ ਹੈ। ਉਧਰ ਕਈ ਲੇਖਕ ਸਟੇਜ ਸਕੱਤਰ ਦੁਆਲੇ ਹੋਈ ਜਾ ਰਹੇ ਹਨ, ਸ਼ਾਇਦ ਉਸ ਪਾਸੋਂ 'ਸ਼ਰਧਾਂਜਲੀ-ਮਿੰਟ' ਮੰਗ ਰਹੇ ਨੇ ... ਉਹ ਸਿਰ ਫੇਰ ਰਿਹੈ, "ਮਿੰਟ ਬਚੇ ਨਹੀਂ ਹਨ...।"
ਪਦਮ ਸ੍ਰੀ ਗੁਰਦਿਆਲ ਸਿੰਘ ਹਾਲ ਦੇ ਵਿਚ ਇਕ ਥਮਲੇ ਨਾਲ ਲੱਗ ਕੇ, ਨੀਵੀਂ ਪਾਈ ਬੈਠੇ, ਕਿਸੇ ਵੱਲ ਨਹੀਂ ਦੇਖ ਰਹੇ... ਪਤਾ ਨਹੀਂ ਕੀ-ਕੀ ਸੋਚੀ ਜਾ ਰਹੇ ਹਨ। ਅਰਦਾਸ ਹੋਈ ਹੈ ਤੇ ਵਾਕ ਪੜ੍ਹਿਆ ਗਿਆ ਹੈ, ਜੋ ਕਿਸੇ ਨਹੀਂ ਸੁਣਿਆ। ਮਰਦਾਂ ਪਿੱਛੇ ਬੈਠੀਆਂ ਔਰਤਾਂ ਤੇ ਬੱਚੇ ਉੱਚੀ-ਉੱਚੀ ਸ਼ੋਰ ਕਰ ਰਹੇ ਸਨ। ਸ਼ਰਧਾਂਜਲੀਆਂ ਹੋਣ ਲੱਗੀਆਂ, ਪੇਤਲੀਆਂ... ਫੁਸ-ਫੂਸੀਆਂ... ਉਹ ਘਸੀਆਂ-ਪਿਟੀਆਂ ਗੱਲਾਂ... ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਜਿਹੀਆਂ...। ਮੇਰਾ ਧਿਆਨ ਸ਼ਰਧਾਂਜਲੀਆਂ ਵੱਲ ਨਹੀਂ ਲੱਗਿਆ। ਮੈਂ ਤਾਂ ਸਗੋਂ ਰਾਗੀ ਸਿੰਘਾਂ ਵੱਲੋਂ ਪੜ੍ਹੇ ਗਏ ਸ਼ਬਦ ਨੂੰ ਗੁਣਗੁਣਾ ਰਿਹਾ ਹਾਂ:-
"ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾ।।।"
-ਨਿੰਦਰ ਘੁਗਿਆਣਵੀ
21/ਦੀਪਕ ਜੈਤੋਈ