ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਦੋ ਰੁਪੀਏ ਲਊਂ।" ਕੋਈ ਕਹੇ, "ਮੈਂ ਤਿੰਨ ਲਊਂ ਭਾਪੇ ਤੋਂ..." ਦੀਪਕ ਜੀ ਗਰਮੀ ਵਿਚ ਆ ਗਏ ਤੇ ਅੱਕੇ ਮਨ ਨਾਲ ਖੂੰਡਾ ਜੁਆਕਾਂ ਵੱਲ ਚਲਾਵਾਂ ਮਾਰਿਆ। ਜੁਆਕ ਤਾਂ ਘਰੋਂ ਬਾਹਰ ਭੱਜ ਗਏ, ਲਾਗੇ ਬੈਠੀ ਦੀਪਕ ਜੀ ਦੀ ਪਤਨੀ ਦੇ ਸਿਰ ਵਿਚ ਖੂੰਡਾ ਵੱਜਿਆ। ਉਹਦਾ ਮੱਥਾ ਪਾਟ ਗਿਆ। ਦੋ ਮਹੀਨੇ ਹਸਪਤਾਲ ਰਹੀ। ਉਸ ਪਿੱਛੋਂ ਦੀਪਕ ਜੀ ਨੇ ਉਹ ਖੂੰਡਾ ਕਿਸੇ ਨੂੰ ਦਾਨ ਕਰ ਦਿੱਤਾ। ਉਸ ਖੂੰਡੇ ਨੇ ਅਗਾਂਹ ਪਤਾ ਨਹੀਂ ਹੋਰ ਕਿੰਨਿਆਂ ਦੇ ਸਿਰ ਪਾੜੇ ਹੋਣਗੇ? ਦੀਪਕ ਜੀ ਆਪਣੀ ਪਤਨੀ ਨੂੰ ਪਿਆਰ ਨਾਲ 'ਬੇਗ਼ਮ ਸਾਹਿਬਾ', 'ਸਰਦਾਰਨੀਂ', 'ਸੰਤਣੀ' ਤੇ 'ਭਗਤਣੀਂ' ਆਖ ਕੇ ਬੁਲਾਉਂਦੇ ਸਨ।

ਦੀਪਕ ਜੀ ਯਾਰਾਂ ਦੇ ਯਾਰ ਸਨ। ਇਕ ਦੀਪਕ ਜੀ ਦਾ ਯਾਰ ਸੀ 'ਜੈਲਾ ਬੱਕਰੀਆਂ ਵਾਲਾ'। ਦੀਪਕ ਜੀ ਨੂੰ ਕਿਸੇ ਨੇ ਸੁਨੇਹਾ ਦਿੱਤਾ ਕਿ ਜੈਲਾ ਮਰ ਗਿਆ ਹੈ। ਦੀਪਕ ਜੀ ਨੇ ਹਾਲੇ ਰੋਟੀ ਦੀ ਪਹਿਲੀ ਬੁਰਕੀ ਤੋੜੀ ਸੀ, ਉਹ ਵਿੱਚੇ ਰੋਟੀ ਛੱਡ ਕੇ ਉੱਠ ਤੁਰੇ। ਪੈਰੀਂ ਜੁੱਤੀ ਨਹੀਂ ਸੀ ਤੇ ਚੱਪਲ ਵੀ ਉਸ ਦਿਨ ਦਸ ਮਿੰਟ ਪਹਿਲਾਂ ਹੀ ਟੁੱਟੀ ਸੀ। ਹਾੜ ਦਾ ਮਹੀਨਾ। ਜੇ ਸੜਕ ਉੱਤੇ ਤੁਰਨ ਤਾਂ ਪੈਰ ਭੁੱਜਣ, ਕੱਚੇ ਤੁਰਨ ਤਾਂ ਰੋੜ ਤੇ ਤੀਲੇ ਖੁੱਭਣ। ਦੀਪਕ ਜੀ ਜੈਲੇ ਦੇ ਪਿੰਡ ਸੇਵੇ ਵਾਲੇ ਨੂੰ ਜਾ ਰਹੇ ਸਨ। ਰਾਹ ਵਿਚ ਇਕ ਗਰੀਬ ਜਿਹੀ ਔਰਤ ਬਾਲਣ ਚੁਗੀ ਜਾਵੇ। ਦੀਪਕ ਜੀ ਨੂੰ ਔਖੇ ਹੁੰਦੇ ਜਾਂਦੇ ਦੇਖ ਕੇ ਬੋਲੀ, "ਵੇ ਬਾਬਾ, ਐਨਾ ਔਖਾ ਹੁੰਨਾ ਜਾਨੈ... ਕਿਸੇ ਟਰੈਕਟਰ ਵਾਲੇ ਨੂੰ ਹੱਥ ਦੇ ਕੇ ਚੜ੍ਹਜੀ।"

ਦੀਪਕ ਜੀ ਬੋਲੇ, "ਭੈਣਾ, ਮੈਂ ਕਦੇ ਕਿਸੇ ਨੂੰ ਸੁਆਲ ਨਹੀਂ ਪਾਇਆ।" ਏਨੇ ਨੂੰ ਇਕ ਟਰੈਕਟਰ ਵਾਲਾ ਆ ਗਿਆ। ਬੀਬੀ ਸੜਕ ਵਿਚਾਲੇ ਹੋ ਕੇ ਟਰੈਕਟਰ ਵਾਲੇ ਨੂੰ ਰੋਕਦੀ ਬੋਲੀ, "ਵੇ ਭਾਈ, ਆਹ ਬਾਬਾ ਬੇਚਾਰਾ ਨੰਗੇ ਪੈਰੀਂ ਸੜਦਾ ਜਾਂਦੈ... ਪੈਰ ਮੱਚਦੇ ਐ... ਸੇਵੇ ਵਾਲੇ ਜਾਣੈ ਇਹਨੇ ... ਨਾਲ ਲੈ ਜਾ ਬਹਾ ਕੇ... ਤੈਨੂੰ ਇਹਦਾ ਪੁੰਨ ਲੱਗੂ।"

ਦੀਪਕ ਜੀ ਨੂੰ ਟਰੈਕਟਰ ਵਾਲੇ ਨੇ ਜੈਲੇ ਬੱਕਰੀਆਂ ਵਾਲੇ ਦੇ ਘਰ ਅੱਗੇ ਜਾ ਉਤਾਰਿਆ। ਦੀਪਕ ਜੀ ਟਰੈਕਟਰ ਤੋਂ ਉਤਰਦੇ ਸਾਰੇ, ਵਿਹੜੇ ਵਿਚ ਭੁੰਜੇ ਪਈ ਜੈਲੇ ਦੀ ਦੇਹ ਨੂੰ ਜੱਫੀਆਂ ਪਾ-ਪਾ ਕੇ ਧਾਹਾਂ ਮਾਰਨ ਲੱਗ ਪਏ।

*********************

ਇਹ ਹੈ ਗੁਰਦੁਆਰਾ ਅੰਗੀਠਾ ਸਾਹਿਬ ਬਠਿੰਡਾ ਰੋਡ ਜੈਤੋ। ਔਰਤਾਂ ਤੇ ਮਰਦਾਂ ਦਾ ਤਕੜਾ ਇਕੱਠ। ਠੰਡੀ ਹਵਾ ਵਗ ਰਹੀ ਹੈ। ਗੁਰਦੁਆਰਾ ਹਾਲ ਦੇ ਆਸੇ-ਪਾਸੇ ਕੰਧਾਂ ਨਾ ਹੋਣ ਕਾਰਨ ਪੰਡਾਲ ਵਿਚ ਬੈਠੇ ਲੋਕ ਠੁਰ-ਠੁਰ ਕਰ ਰਹੇ ਹਨ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਹਨ:-

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ॥

20/ਦੀਪਕ ਜੈਤੋਈ