ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ

ਮੈਨੂੰ ਬੜੀ ਖ਼ੁਸ਼ੀ ਹੈ ਕਿ ਪੰਜਾਬੀ ਸਾਹਿਤ ਦੇ ਨੌਜਵਾਨ ਆਲੋਚਕ ਪ੍ਰੋ. ਰਿਸ਼ੀ ਹਿਰਦੇਪਾਲ ਸਿੰਘ ਨੇ ਮਾਲਵੇ ਦੇ ਮੁਮਤਾਜ਼ ਸ਼ਾਇਰ ਸ੍ਰੀ ਦੀਪਕ ਜੈਤੋਈ ਦੇ ਗੀਤ ਕਾਵਿ ਵਿੱਚ ਬਿੰਬ-ਵਿਧਾਨ ਦਾ ਅਧਿਐਨ ਵਿਸ਼ਲੇਸ਼ਣ ਕਰਕੇ ਆਪਣੀ ਤਿੱਖੀ ਆਲੋਚਨਾਤਮਕ ਸੂਝ ਦਾ ਪ੍ਰਮਾਣ ਪੇਸ਼ ਕੀਤਾ ਹੈ। ਪੰਜਾਬੀ ਵਿੱਚ ਬਿੰਬ ਵਿਧਾਨ ਦੇ ਮਹੱਤਵ ਸੰਬੰਧੀ ਮੁੱਢਲੀ ਚੇਤਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਪ੍ਰੋ. ਡਾ. ਪਿਆਰ ਸਿੰਘ ਨੇ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਬਿੰਬ ਵਿਧਾਨਿਕ ਅਧਿਐਨ ਦਾ ਪ੍ਰਥਮ ਖੋਜ ਕਾਰਜ ਡਾ. ਹਰਨੇਕ ਸਿੰਘ ਕੋਮਲ ਤੋਂ ਕਰਵਾਇਆ ਸੀ। ਸੰਯੋਗਵੱਸ ਡਾ. ਕੋਮਲ ਵੀ ਰਿਸ਼ੀ ਹਿਰਦੇਪਾਲ ਵਾਂਗ ਮਲੋਟ ਸ਼ਹਿਰ ਦਾ ਵਾਸੀ ਹੈ ਅਤੇ ਦੋਹਾਂ ਦੇ ਆਪਸ ਵਿੱਚ ਬੜੇ ਨਿੱਘੇ ਪਰਿਵਾਰਕ ਸੰਬੰਧ ਵੀ ਹਨ। ਰਿਸ਼ੀ ਹਿਰਦੇਪਾਲ ਨੇ ਆਪਣੇ ਖੋਜ ਨਿਬੰਧ ਵਿੱਚ ਜਨਾਬ ਦੀਪਕ ਸਾਹਿਬ ਦੇ ਗੀਤਾਂ ਦਾ ਬੜਾ ਡੂੰਘਾ ਅਧਿਐਨ ਕਰ ਕੇ ਇਹ ਸਿੱਟਾ ਕੱਢਿਆ ਹੈ ਕਿ ਦੀਪਕ ਸਾਹਿਬ ਨੇ ਪੰਜਾਬੀ ਗੀਤ ਕਾਵਿ ਪਰੰਪਰਾ ਨੂੰ ਇਕ ਨਵਾਂ ਵਿਸਤਾਰ ਦਿੱਤਾ ਅਤੇ ਪੰਜਾਬੀ ਸਮਾਜ ਦੇ ਵਰਜਨਾ ਮੁਖੀ ਵਿਵਹਾਰ ਨੂੰ ਆਪਣੇ ਗੀਤਾਂ ਦੇ ਮਾਧਿਅਮ ਦੁਆਰਾ ਵੰਗਾਰਿਆ ਅਤੇ ਲਲਕਾਰਿਆ ਹੈ। ਇਸੇ ਕਰ ਕੇ ਉਸ ਦੇ ਗੀਤ ਪੰਜਾਬੀ ਲੋਕਾਂ ਦੀ ਜ਼ੁਬਾਨ ਬਣ ਗਏ ਹਨ। ਦੀਪਕ ਸਾਹਿਬ ਭਾਵੇਂ ਆਪ ਇਸ ਫ਼ਾਨੀ-ਸੰਸਾਰ ਤੋਂ ਰੁਖ਼ਸਤ ਹੋ ਗਏ ਹਨ ਪਰ ਉਨ੍ਹਾਂ ਦੇ ਗੀਤ ਅੱਜ ਵੀ ਜਿਉਂਦੇ ਹਨ ਅਤੇ ਮੁੱਦਤ ਤੱਕ ਜਿਉਂਦੇ ਰਹਿਣਗੇ।

ਦੀਪਕ ਸਾਹਿਬ ਨੇ ਸਾਹਿਤ ਰਚਨਾ ਦਾ ਆਰੰਭ 1947-48 ਈ. ਵਿੱਚ ਕਰ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਕੁਝ ਸਮਾਂ ਨੰਦ ਲਾਲ ਨੂਰਪੁਰੀ ਨੇ ਵੀ ਫ਼ਰੀਦਕੋਟ ਵਿਖੇ ਬਿਤਾਇਆ ਸੀ। ਉਨ੍ਹਾਂ ਦੇ ਕੁਝ ਹੋਰ ਸਾਥੀ ਕਵੀਆਂ ਵਿੱਚ ਸੰਪੂਰਨ ਸਿੰਘ ਝੱਲਾ ਫ਼ਰੀਦਕੋਟੀ, ਹਰੀ ਸਿੰਘ ਤਾਂਗੜੀ ਅਤੇ ਰਾਮ ਨਾਥ ਮੁਸਾਫ਼ਰ ਫੀਰੋਜ਼ਪੁਰੀ ਦਾ ਨਾਂਅ ਲਿਆ ਜਾ ਸਕਦਾ ਹੈ। ਇਹ ਸਾਰੇ ਕਵੀ, ਉਨ੍ਹਾਂ ਦਿਨਾਂ ਵਿੱਚ ਪੰਜਾਬ ਅੰਦਰ ਹੋਣ ਵਾਲੇ ਕਵੀ ਦਰਬਾਰਾਂ ਦੀ ਜ਼ੀਨਤ ਹੋਇਆ ਕਰਦੇ ਸਨ। ਦੇਸ਼ਭਗਤੀ ਅਤੇ ਧਾਰਮਿਕ ਵੰਨਗੀ ਦੀਆਂ ਕਵਿਤਾਵਾਂ ਤੋਂ ਸ਼ੁਰੂ ਕਰਕੇ ਇਨ੍ਹਾਂ ਕਵੀਆਂ ਨੇ ਸ਼ੁੱਧ ਸਾਹਿਤਕ ਕਿਸਮ ਦੇ ਕਾਵਿ ਦੀ ਸਿਰਜਣਾ ਸ਼ੁਰੂ ਕਰ ਦਿੱਤੀ ਸੀ। ਦੀਪਕ ਜੈਤੋਈ ਦੇ ਗੀਤਾਂ ਨੂੰ ਉਸ ਸਮੇਂ ਦੀ ਹਰਮਨ ਪਿਆਰੀ ਗਾਇਕਾ ਨਰਿੰਦਰ ਬੀਬਾ ਬੜੀ ਸ਼ਿੱਦਤ ਨਾਲ ਗਾਇਆ ਕਰਦੀ ਸੀ। ਭਾਰਤ ਦੀ ਪ੍ਰਸਿੱਧ ਫ਼ਿਲਮ-ਗਾਇਕਾ ਸ਼ਮਸ਼ਾਦ ਬੇਗ਼ਮ ਵਾਂਗ ਨਰਿੰਦਰ ਬੀਬਾ ਦੀ ਆਵਾਜ਼ ਬੜੀ ਜਾਨਦਾਰ ਅਤੇ ਕਾਲਜੇ ਨੂੰ ਧੂਹ ਪਾਉਣ ਵਾਲੀ ਹੁੰਦੀ ਸੀ। 1980 ਈ. ਦੇ ਆਸ-ਪਾਸ ਦੀਪਕ ਸਾਹਿਬ ਦਾ ਝੁਕਾਉ ਪੰਜਾਬੀ ਗ਼ਜ਼ਲ ਵੱਲ ਹੋ ਗਿਆ ਅਤੇ ਉਹ ਗੀਤ ਕਾਵਿ ਦੀ ਸਿਰਜਣਾ

24/ਦੀਪਕ ਜੈਤੋਈ