ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਅਰਣਯ-ਗਾਨਾਂ1

ਇਹ ਗ੍ਰਾਮ ਗਾਨ ਹੀ ਲੋਕ-ਗੀਤਾਂ ਦਾ ਪੂਰਬਲਾ ਰੂਪ ਹੋ ਸਕਦਾ ਹੈ, ਰਹੀ ਗੱਲ ਗੀਤ ਦੇ ਜਨਮ ਦੀ, ਸਾਹਿਤ ਅਚਾਰੀਆਂ ਨੇ ਇਸ ਦਾ ਉਦੈ-ਸ੍ਰੋਤ ਵੇਦ ਨੂੰ ਮੰਨਿਆ ਹੈ। ਕਿਹਾ ਜਾ ਸਕਦਾ ਹੈ ਕਿ ਵੇਦ ਮੰਤਰਾਂ ਦਾ ਪਾਠ ਲੈਅ-ਬੱਧ ਹੋ ਕੇ ਸਾਮੂਹਿਕ ਰੂਪ ਵਿੱਚ ਕੀਤਾ ਗਿਆ ਹੋਵੇਗਾ ਅਤੇ ਸ਼ੁੱਧ ਲੈਅ-ਬੱਧ ਪਾਠ ਵੇਦ ਦੇ ਸਮੇਂ ਤੋਂ ਹੀ ਲਾਜ਼ਮੀ ਹੋ ਗਿਆ ਹੋਵੇਗਾ। ਵੇਦ ਮੰਤਰ ਛੰਦ ਦੇ ਸਾਂਚੇ ਵਿੱਚ ਢਾਲੇ ਗਏ ਹੋਣਗੇ। ਇਥੇ ਇਕ ਗੱਲ ਇਹ ਵੀ ਧਿਆਨਯੋਗ ਹੈ ਭਾਵੇਂ ਕਿ ਵੇਦਾਂ ਦਾ ਰਚਣਕਾਲ ਇੱਕ ਨਹੀਂ, ਪਰ ਸਾਮਵੇਦ ਨਿਸ਼ਚੈ ਹੀ ਗੀਤ-ਪ੍ਰਧਾਨ ਸੰਗ੍ਰਹਿ ਹੈ। ਗੀਤ ਦੀ ਪਰੰਪਰਾ ਦਾ ਮੂਲ ਜੇ ਵੇਦ ਤੋਂ ਵੀ ਪਹਿਲਾਂ ਮੌਜੂਦ ਲੋਕ-ਗੀਤਾਂ ਨਾਲ ਜੋੜਿਆ ਜਾਵੇ ਤਾਂ ਵਧੇਰੇ ਠੀਕ ਰਹੇਗਾ। ਕਾਰਨ? ਆਦਿਮ ਮਨੁੱਖ ਨੇ ਆਪਣੇ ਭਾਵਾਂ ਅਤੇ ਉਹਨਾਂ ਦੀ ਪ੍ਰਸਤੁਤੀ/ਅਭਿਵਿਅਕਤੀ ਦੇ ਮਾਧਿਅਮ ਲੱਭ ਲਏ ਸਨ। ਭਾਸ਼ਾ ਵਿਗਿਆਨਕ ਨਜ਼ਰੀਏ ਤੋਂ ਵੇਖਿਆ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਨੁੱਖ ਕੋਲ ਬੇਸ਼ੱਕ ਸਮਰੱਥ ਭਾਸ਼ਾ ਦੀ ਅਣਹੋਂਦ ਸੀ, ਪਰ ਫੇਰ ਵੀ ਉਸਨੇ ਸੁਰ-ਸੰਚਾਰ ਅਥਵਾ ਤਰ੍ਹਾਂ-ਤਰ੍ਹਾਂ ਦੀਆਂ ਧੁਨੀਆਂ ਰਾਹੀਂ ਇਸ ਸਭ ਨੂੰ ਪ੍ਰਸਤੁਤ ਕਰਨਾ ਸਿੱਖ ਲਿਆ ਸੀ। ਜਿਵੇਂ-ਜਿਵੇਂ ਵਿਕਾਸ ਹੁੰਦਾ ਗਿਆ, ਤਿਵੇਂ-ਤਿਵੇਂ ਪ੍ਰਗਟਾਅ ਢੰਗ ਵੀ ਬਦਲਦੇ ਰਹੇ, ਪੁਰਾਣੇ ਰੂਪ ਛੁੱਟਦੇ ਰਹੇ ਅਤੇ ਨਵੇਂ ਖੁਦ-ਬ-ਖੁਦ ਮਨੁੱਖ ਅਖ਼ਤਿਆਰ ਕਰਦਾ ਚਲਾ ਗਿਆ। ਆਪਣੇ ਦੁੱਖ-ਸੁੱਖ ਨੂੰ ਪ੍ਰਗਟ ਕਰਨ ਲਈ ਮਨੁੱਖ ਨੇ ਸਮੂਹਿਕ ਗਾਇਨ ਸ਼ੁਰੂ ਕਰ ਦਿੱਤਾ। ਆਪਣੀ ਪੀੜ ਘਟਾਉਣ ਦਾ ਸ਼ਾਇਦ ਉਸਨੂੰ ਇਹੋ ਹੀ ਇੱਕ ਢੰਗ ਮਿਲਿਆ। ਸ਼ੁਰੂਆਤੀ ਦੌਰ ਵਿੱਚ ਇਹ ਪੀੜ ਕਿਸ ਰੂਪ ਵਿੱਚ ਢਲੀ, ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜਰੂਰ ਹੈ ਕਿ ਇਹ ਸਭ ਕੁਝ ਵੇਦ-ਮੰਤਰਾਂ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ। ਇਸੇ ਅਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ-ਗੀਤਾਂ ਦਾ ਸਮੂਹਿਕ ਗਾਇਨ ਹੀ ਵੇਦ-ਮੰਤਰਾਂ ਦੇ ਲੈਅ-ਮੁੱਖ ਗਾਇਨ ਵਿੱਚ ਤਬਦੀਲ ਹੋਇਆ। ਇਸ ਗੱਲ ਦੀ ਪੁਸ਼ਟੀ ਪੁਰਾਤਨ ਖੋਜਾਂ ਅਤੇ ਖੁਦਾਈਆਂ ਤੋਂ ਕੀਤੀ ਜਾ ਸਕਦੀ ਹੈ।

ਪੂਰਬ ਪੱਥਰਕਾਲ ਵਿੱਚ ਸੰਗੀਤ ਦੀਆਂ ਸੁਰ-ਲਹਿਰਾਂ ਨੂੰ ਗਾਇਆ ਜਾਂਦਾ ਸੀ। ਸੋ ਉਤਰ ਪੱਥਰ ਕਾਲ ਵਿੱਚ ਸਾਡੀ ਸੱਭਿਅਤਾ ਦਾ ਵਿਕਾਸ ਸੰਗੀਤਕ ਪਿਠ ਭੂਮੀ ਵਿੱਚ ਹੋਇਆ ਹੋਇਆ ਹੈ। ਦ੍ਰਾਵਿੜ ਕਾਲ ਵਿੱਚ ਸੰਗੀਤ ਦਾ ਵਿਕਾਸ ਚਰਮ-ਸੀਮਾ ਉਤੇ ਸੀ। ਪ੍ਰਮਾਤਮਾ ਦੀ ਉਸਤਤੀ ਦਾ ਗਾਇਨ ਇਸੇ ਕਾਲ ਵਿੱਚ ਆਰੰਭ ਹੋਇਆ ਸੀ। ਦ੍ਰਾਵਿੜ ਤੋਂ ਮਗਰੋਂ ਆਰੀਆ ਆਏ ਤੇ ਉਹਨਾਂ ਨੇ ਸੰਗੀਤ ਵਿੱਚ ਪ੍ਰਬੀਣਤਾ ਹਾਸਿਲ ਕਰ ਲਈ। ਸ੍ਰੀ ਸੁਨੀਲ ਕੁਮਾਰ ਲੋਕ ਗੀਤਾਂ (ਗਾਥਾਵਾਂ) ਦੀ ਪੁਰਾਤਨਤਾ ਉਤੇ ਪ੍ਰਕਾਸ਼ ਪਾਉਂਦੇ ਹੋਏ ਕਹਿੰਦੇ ਹਨ, "ਵੈਦਿਕ ਜੁਗਾਂ ਵਿੱਚ ਵੀ ਪੁਰਬਾ ਦੇ ਮੌਕੇ ਉਤੇ ਮਨ-ਖਿਚ ਕਹਾਣੀਆਂ ਦਾ ਬਿਊਰਾ ਵੈਦਿਕ ਗ੍ਰੰਥਾਂ ਵਿੱਚ ਮਿਲਦਾ ਹੈ। ਮੈਤ੍ਰਾਇਣੀ ਸੰਘਿਤਾ (ਤਿੰਨ ਛੇ ਤਿੰਨ) ਵਿੱਚ ਵਿਆਹ ਦੇ ਮੌਕੇ ਤੇ ਗਾਥਾ

27/ਦੀਪਕ ਜੈਤੋਈ