ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਨਾਲ ਰਾਗ ਬੰਦਿਸ਼ ਦੀ ਰੱਖਿਆ ਵੀ ਕਰਦਾ ਹੈ।

ਚੌਥੀ ਅਵਸਥਾ ਵਿੱਚ ਗੀਤ ਸੰਗੀਤ ਦਾ ਪੱਲਾ ਛੱਡ ਦਿੰਦਾ ਹੈ, ਭਾਵ ਰਵਾਇਤੀ ਕਿਸਮ ਦਾ ਬੰਧਨ ਤਿਆਗ ਦਿੱਤਾ ਜਾਂਦਾ ਹੈ। ਪਰ ਲੈਆਤਮਿਕਤਾ ਦਾ ਆਧਾਰ ਨਹੀਂ ਛੱਡਿਆ ਜਾਂਦਾ। ਛੰਦ, ਅਲੰਕਾਰ ਅਤੇ ਸੰਗੀਤ ਦੇ ਬੰਧਨ ਕਈ ਵਾਰ ਭਾਵ-ਭੰਗਿਆ ਦਾ ਕਾਰਨ ਬਣ ਜਾਂਦਾ ਸੀ, ਫਲਸਰੂਪ ਇਸ ਅਵਸਥਾ 'ਚ ਗੀਤ ਸੰਗੀਤ ਦਾ ਮੋਹ ਅਸਲੋਂ ਹੀ ਤਿਆਗ ਦਿੰਦਾ ਹੈ। ਗੀਤ ਸ਼ਬਦਾਂ ਦੇ ਪਰਸਪਰ ਸੰਗਠਨ ਅਤੇ ਧੁਰ ਅੰਦਰ ਵਿੱਚ ਵਸੀ ਸੰਗੀਤਾਤਮਕਤਾ ਦੇ ਸੁਮੇਲ ਰਾਹੀਂ ਭਾਵਾਂ ਦੀ ਅਨੁਭੂਤੀ ਦੀ ਪੇਸ਼ਕਾਰੀ ਦਾ ਰੂਪ ਗ੍ਰਹਿਣ ਕਰਨ ਲੱਗ ਪਿਆ। ਇਹ ਕਿਸੇ ਵੀ ਭਾਸ਼ਾ ਉਪਭਾਸ਼ਾ 'ਚ ਪੇਸ਼ ਹੋ ਸਕਦਾ ਸੀ।

ਲੋਕ-ਗੀਤਾਂ ਦੀ ਭਾਸ਼ਾ ਕਿੰਨੀ ਕੁ ਪੁਰਾਤਨ ਹੈ? ਗੋਰਖ ਨਾਥ, ਚਰਪਟ ਨਾਥ, ਬਾਬਾ ਫ਼ਰੀਦ ਦੁਆਰਾ ਰਚਿਤ ਕਵਿਤਾਵਾਂ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ, ਉਨ੍ਹਾਂ ਦੀਆਂ ਰਚਨਾਵਾਂ ਦੀ ਭਾਸ਼ਾ ਅਜੋਕੀ ਪੰਜਾਬੀ ਤੋਂ ਵਧੇਰੇ ਦੂਰ ਨਹੀਂ ਹੈ।

ਡਾ. ਰੰਧਾਵਾ ਕਹਿੰਦੇ ਹਨ, "ਇਹ ਕਹਿਣਾ ਬੜਾ ਔਖਾ ਹੈ ਕਿ ਜਿਹੜੇ ਗੀਤ ਅੱਜ-ਕੱਲ੍ਹ ਪ੍ਰਚੱਲਿਤ ਹਨ ਇਹ ਕਿੰਨੇ ਕੁ ਪੁਰਾਣੇ ਹਨ। ਪੰਜਾਬੀ ਇੱਕ ਐਸੀ ਮਹਾਨ ਬੋਲੀ ਹੈ ਜਿਸ ਦਾ ਠੁੱਕ ਅੱਜ ਤੋਂ ਕਈ ਸੌ ਸਾਲ ਪਹਿਲਾਂ ਬੱਝ ਗਿਆ ਸੀ। ਸ਼ੇਖ਼ ਫ਼ਰੀਦ ਜਿਹੜੇ ਅੱਜ ਤੋਂ ਛੇ-ਸਤ ਸੋ ਸਾਲ ਪਹਿਲਾਂ ਹੋਏ ਸਨ, ਉਹਨਾਂ ਦੇ ਸ਼ਲੋਕਾਂ ਦੀ ਬੋਲੀ ਅੱਜ-ਕਲ੍ਹ ਦੀ ਬੋਲੀ ਹੀ ਜਾਪਦੀ ਹੈ:-

ਫ਼ਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਬਾਇਆ ਜਗੁ।
ਉਚੇ ਚੜ੍ਹ ਕੇ ਵੇਖਿਆ ਤਾਂ, ਘਰੁ ਘਰੁ ਇਹਾ ਅਗੁ।4

ਮਨੁੱਖ ਸੱਭਿਆਚਾਰਕ ਨਿਰਮਾਣ ਦੇ ਆਦਿ ਕਾਲ ਤੋਂ ਸੰਵੇਦਨਾਵਾਂ ਦੇ ਸੱਭਿਆਚਾਰਕ ਬੋਧ ਨੂੰ ਵੱਖਰੇ-ਵੱਖਰੇ ਸੰਚਾਰ ਪ੍ਰਬੰਧਾਂ ਦੁਆਰਾ ਇਕੱਤਰ, ਤਰਤੀਬ ਬੱਧ ਅਤੇ ਸੰਚਿਤ ਕਰਦਾ ਆਇਆ ਹੈ। ਸਮੁੱਚੇ ਜੀਵਾਂ ਵਿੱਚੋਂ ਮਨੁੱਖ ਹੀ ਇੱਕ ਐਸਾ ਜੀਵ ਹੈ ਜਿਸ ਕੋਲ ਬਾਕੀਆਂ ਦੇ ਮੁਕਾਬਲਤਨ ਵਧੇਰੇ ਅਨੁਭਵ ਕਰਨ ਦੀ ਯੋਗਤਾ ਤੇ ਬੁੱਧੀ ਵਧੇਰੇ ਹੈ। ਸਭਿਆਚਾਰਕ ਅਤੇ ਇਤਿਹਾਸਕ ਲੋੜਾਂ ਅਨੁਸਾਰ ਵਿਭਿੰਨ ਸੰਚਾਰ ਪ੍ਰਬੰਧ ਨਵੀਨ ਜੁਗਤਾਂ ਦਾ ਸਿਰਜਣ ਅਤੇ ਅਵਿਸ਼ਕਾਰ ਕਰਦੇ ਹਨ। ਜੁਗਤ ਸਿਰਜਣ ਦੀ ਚੇਤਨਾ ਹੀ ਸਭਿਆਚਾਰਕ ਸੰਦਰਭਾ ਦੀ ਮਾਨਸਿਕਤਾ ਤੇ ਵਿਚਾਰਧਾਰਕ ਦਵੰਦਾਂ ਨੂੰ ਰੂਪਮਾਨ ਕਰਦੀ ਹੈ।

ਮਨੋਭਾਵਾਂ ਦੇ ਸੂਖ਼ਮ ਸੰਚਾਰ ਲਈ ਪੰਜਾਬੀ ਸ਼ਬਦ ਸੱਭਿਆਚਾਰ ਵਿੱਚ ਗੀਤ ਇੱਕ ਪ੍ਰਮੁੱਖ ਚਿਹਨਕੀ ਜੁਗਤ ਹੈ। ਆਦਿ ਕਾਲ ਤੋਂ ਹੀ ਪੰਜਾਬੀ ਸੱਭਿਆਚਾਰ ਦੇ ਨੈਣ-ਨਕਸ਼ਾਂ ਨੂੰ ਪ੍ਰਗਟਾਉਣ ਦਾ ਸੰਚਾਰ ਸਾਧਨ ਗੀਤ ਰਿਹਾ ਹੈ। ਆਪਣੇ ਸਮਾਜਿਕ ਆਲੇ-ਦੁਆਲੇ ਵਿੱਚ ਵਿਚਰਦਿਆਂ ਕਵੀ ਦੀ ਚਿਹਨਕੀ ਯੋਗਤਾ ਮਨੁੱਖੀ ਸੰਵੇਦਨਾਵਾਂ ਨਾਲ ਸਬੰਧਿਤ ਹੋ ਜਾਂਦੀ ਹੈ ਅਤੇ ਗੀਤ-ਜੁਗਤ ਚਿਹਨਕਾਰੀ ਦੇ ਨਿਵੇਕਲੇ ਪ੍ਰਤੀਕ-

29/ਦੀਪਕ ਜੈਤੋਈ