ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ਤੇ ਸੁਰ ਸ਼ਬਦਾਂ ਦਾ ਰੂਪ ਧਾਰ ਲੈਂਦੇ ਹਨ ਤੇ ਸ਼ਬਦ ਗੀਤ ਦੇ ਸੁਰਾਂ ਵਿੱਚ ਪਿਘਲ ਜਾਂਦੇ ਹਨ। ਕਹਿਣ ਦਾ ਭਾਵ 'Best words in the Best order'।16

"ਲੱਗਭਗ ਹਰੇਕ ਲੋਕ-ਸਾਹਿਤਕ ਵਿਧਾ ਦਾ ਉਸੇ ਸਭਿਆਚਾਰਕ ਪੁੰਪਰਾ ਵਿੱਚ ਨਾਮਕਰਣ ਵੀ ਸਹਿਜ ਹੀ ਹੁੰਦਾ ਹੈ ਜਿਵੇਂ ਪੰਜਾਬੀ ਲੋਕ-ਸਾਹਿਤ ਦੇ ਕਾਵਿ - ਰੂਪਾਂ ਦੇ ਅੰਤਰਗਤ ਅਲਾਹੁਣੀਆਂ, ਕੀਰਨੇ, ਸਿੱਠਣੀਆਂ, ਸੁਹਾਗ, ਘੋੜੀਆਂ, ਢੋਲਾ, ਬੋਲੀਆਂ ਆਦਿ।16

ਗੀਤਕਾਰ ਆਪਣੀ ਸੂਝ, ਬੁੱਧੀ ਅਤੇ ਭਾਵੁਕਤਾ ਅਨੁਸਾਰ ਆਪਣੀ ਹੱਡਬੀਤੀ ਜਾਂ ਜੱਗ-ਬੀਤੀ ਨੂੰ ਹੋਰਨਾਂ ਤੱਕ ਪੁਜਦੀ ਕਰਦਾ ਹੈ ਤਾਂ ਸਾਹਿਤ ਸਿਰਜਨ ਪ੍ਰਕਿਰਿਆ ਸਾਹਿਤਕ ਰੂਪ ਵਿੱਚ ਢਲਦੀ ਹੈ, ਇਸ ਪ੍ਰਕਾਰ ਕਿਸੇ ਇੱਕ ਦਾ ਹੰਢਾਇਆ ਅਹਿਸਾਸ ਜਾਂ ਤਜ਼ਰਬਾ ਹੋਰਨਾਂ ਦੀਆਂ ਭਾਵਨਾਵਾਂ ਦਾ ਵੀ ਅਧਾਰ ਬਣ ਜਾਂਦਾ ਹੈ। ਗੀਤ ਸਿਰਜਣਾ, ਨਿੱਜ ਤੋਂ ਪਰ ਤੱਕ ਅਤੇ ਪਰ ਤੋਂ ਨਿੱਜ ਤੱਕ ਅੰਤਰ ਸਬੰਧਤ ਹੁੰਦੀ ਹੋਈ ਸਮੂਹਿਕ ਹੋ ਨਿਬੜਦੀ ਹੈ।

ਪੰਜਾਬ ਦੀ ਭੂਗੋਲਿਕ ਸਥਿਤੀ, ਆਰਥਿਕ ਲੋੜਾਂ ਅਤੇ ਸਮਾਜਿਕ ਜੀਵਨ ਵਿੱਚ ਨਿਭਦੇ ਰੀਤਾਂ ਰਸਮਾਂ ਦੇ ਦਾਇਰੇ ਪੰਜਾਬੀਆਂ ਦੇ ਇਸ ਪ੍ਰਗਟਾਵੇ ਦਾ ਆਧਾਰ ਬਣਦੇ ਹਨ। ਸਰਹੱਦੀ ਸੂਬਾ ਹੋਣ ਤੇ ਖੇਤੀ ਪ੍ਰਧਾਨ ਇਲਾਕਾ ਹੋਣ ਕਾਰਨ ਪੰਜਾਬੀਆਂ ਨੇ ਇਸ ਉਪਜਾਊ ਧਰਤੀ ਤੇ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਜਰਦਿਆਂ ਆਪਣੇ ਸੁਭਾਅ ਅੰਦਰ ਹੀ ਗੁੱਸਾ ਅਤੇ ਪਿਆਰ ਪਾਲ ਲਿਆ। ਲੋਕ ਗੀਤ ਜਾਂ ਇੰਝ ਆਖ ਲਓ ਕਿ ਲੋਕ-ਸਾਹਿਤ ਵਾਰ-ਵਾਰ ਹੋਏ ਹਮਲਿਆਂ, ਹਮਲਿਆਂ ਕਰਕੇ ਹੋਈ ਤਬਾਹੀ ਅਤੇ ਤਬਾਹੀ ਉਪਰੰਤ ਮੁੜ ਸਥਾਪਤੀ ਦੀ ਗਵਾਹੀ ਭਰਦਾ ਹੈ, ਇਸ ਤਰ੍ਹਾਂ ਇੱਕ ਪ੍ਰਕਾਰ ਦਾ ਵੱਖਰਾ ਇਤਿਹਾਸ ਵੀ ਇਹਨਾਂ ਦੀ ਹਿੱਕ 'ਤੇ ਉਲੀਕਿਆ ਮਿਲਦਾ ਹੈ। ਇਹ ਨੁਕਤਾ ਅਰਥਚਾਰੇ ਨਾਲ ਸਬੰਧਤ ਹੈ। ਖੇਤੀ ਪ੍ਰਧਾਨ ਹੋਣ ਕਾਰਨ ਜੀਵਨ ਸਮੂਹਿਕ ਹੈ। ਪੰਜਾਬੀਆਂ ਕੋਲ ਖੇਡ ਅਤੇ ਲਾਮ ਜਾਣ ਦੇ ਦੋ ਹੀ ਮਨਪਸੰਦ ਕਿੱਤੇ ਹਨ। ਦੋਵਾਂ ਹਾਲਾਤਾਂ ਵਿੱਚ ਮਰਦ ਘਰ ਤੋਂ ਬਾਹਰ ਰਹਿੰਦਾ ਹੈ, ਕਾਰਨ ਹੈ ਰੋਜ਼ੀ-ਰੋਟੀ। ਇਸ ਨੇ ਸੁਭਾਵਿਕ ਤੌਰ 'ਤੇ ਹੀ ਪੰਜਾਬੀ ਸਮਾਜ ਦੀ ਨੁਹਾਰ ਮਰਦ ਪ੍ਰਧਾਨਤਾ ਵਾਲੀ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਪੁੱਤਰ ਪ੍ਰਾਪਤੀ ਦੇ ਲਈ ਅਨੇਕਾਂ ਸੁੱਖਾਂ ਸੁੱਖੀਆਂ ਜਾਂਦੀਆਂ ਹਨ। ਇਹੋ ਜਿਹੇ ਆਰਥਿਕ ਆਧਾਰ ਹੀ ਪੁੱਤਰ ਦੀ ਥਾਂ ਪੁੱਤਰੀ/ ਧੀ ਦਾ ਸਮਾਜਿਕ ਮਹੱਤਵ ਖੋਰਦੇ ਹਨ:

ਤੈਂ ਘਰ ਜਨਮੀ ਧੀ ਵੇ ਨਰੰਜਣਾ,
ਥੋੜੀ ਦਾਰੂ ਪੀ ਵੇ ਨਰੰਜਣਾ।
ਤੈਂ ਘਰ ਜਨਮਿਆ ਪੁੱਤ ਵੇ ਨਰੰਜਣਾ,
ਠੇਕੇ ਬਹਿਕੇ ਬੁੱਕ ਵੇ ਨਰੰਜਣਾ।

ਪੰਜਾਬੀ ਇਸ ਕਥਨ ਦੇ ਧਾਰਨੀ ਹਨ ਕਿ ਇੱਕਲੇ ਨੂੰ ਤਾਂ ਕੋਈ ਖੇਤ ਵਿੱਚ, ਪੰਡ ਚੁਕਾਉਣ ਲਈ ਵੀ ਹਾਕ ਮਾਰ ਕੇ ਬੁਲਾਉਣਾ ਪੈਂਦਾ ਹੈ ਇਸੇ ਕਰਕੇ ਪੰਜਾਬੀ

37/ਦੀਪਕ ਜੈਤੋਈ