ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ਦਾ ਬਾਹਰੀ ਰੂਪ ਨਿਰਧਾਰਤ ਕਰਦੇ ਹਨ, ਪਰ ਗੀਤ ਨੂੰ ਛੰਦਾਬੰਦੀ ਦੀ ਚਾਰਦੀਵਾਰੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਗੀਤ ਛੰਦ ਨੂੰ ਆਪ ਮੁਹਾਰੇ ਹੀ ਨਾਲ ਲੈ ਕੇ ਤੁਰਦਾ ਹੈ। ਆਪ ਮੁਹਾਰੇ ਰਾਗ, ਮਸਤੀ ਤੇ ਬੇਰੋਕ ਚਾਲ ਇਸ ਦੀ ਜਿੰਦ-ਜਾਨ ਹਨ।

ਬੋਲੀ- ਲੈਅ, ਰਾਗ ਅਤੇ ਰਵਾਨੀ ਦੇ ਪੱਖ ਤੋਂ ਗੀਤ ਦੀ ਆਮਦ ਲਈ ਬੋਲੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਆਮ ਬੋਲ ਚਾਲ ਦੀ ਸ਼ਬਦਾਵਲੀ, ਅਲੰਕ੍ਰਿਤ ਬੋਲੀ ਅਤੇ ਮੁਹਾਵਰੇਦਾਰ ਭਾਸ਼ਾ ਦਾ ਗਿਆਨ ਸਾਹਿਤਕਾਰ ਲਈ ਅਤਿ ਲੋੜੀਂਦਾ ਹੈ। ਗੀਤ ਕਿਉਂਕਿ ਬੌਧਿਕਤਾ ਨਾਲੋਂ ਭਾਵੁਕਤਾ ਦਾ ਵਧੇਰੇ ਨਜ਼ਦੀਕੀ ਹੁੰਦਾ ਹੈ, ਇਸ ਲਈ ਭਾਰੀ ਅਤੇ ਬੋਝਲ ਭਾਸ਼ਾ ਦੀ ਥਾਵੇਂ ਆਮ ਬੋਲ-ਚਾਲ ਦੀ ਭਾਸ਼ਾ ਵਧੇਰੇ ਢੁਕਵੀਂ ਹੁੰਦੀ ਹੈ। ਬੋਲੀ ਦੀ ਸਰਲਤਾ ਤੇ ਭਾਵਾਂ ਦੀ ਤਰਲਤਾ ਗੀਤ ਦੀ ਸਿੱਧੀ ਦੇ ਦੋ ਮੁੱਖ ਤੱਤ ਹਨ।

ਲਘੂ ਆਕਾਰ- ਗੀਤ ਦਾ ਆਕਾਰ ਛੋਟਾ ਹੁੰਦਾ ਹੈ। ਇਸ ਦਾ ਕੋਈ ਇੱਕ ਉਤਮ ਅਤੇ ਨਿਸ਼ਚਿਤ ਆਕਾਰ ਤਾਂ ਨਹੀਂ ਆਖਿਆ ਜਾ ਸਕਦਾ, ਬਸ ਜਿੱਥੇ ਕਵੀ ਮਨ ਵਿੱਚ ਪੈਦਾ ਹੋਏ ਮਨੋਭਾਵ ਦੀ ਮਿਆਦ ਮੁੱਕ ਜਾਵੇ, ਉਥੇ ਹੀ ਗੀਤ ਦੀ ਸਮਾਪਤੀ ਹੋ ਜਾਣੀ ਚਾਹੀਦੀ ਹੈ। ਕਵੀ ਮਨ ਵਿੱਚ ਉਤੇਜਿਤ ਮਨੋਭਾਵ ('ਕੱਲੇ ਕਵੀ ਹੀ ਨਹੀਂ ਸਮੁੱਚੇ ਮਨੁੱਖੀ ਮਨ ਵਿੱਚ) ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ ਉਸ ਦਾ ਭਾਵ ਥੁੜ੍ਹ-ਚਿਰਾ ਹੁੰਦਾ ਹੈ। ਆਕਾਰ ਦਾ ਨਿੱਕਾਪਣ ਇਸ ਦੀ ਕਲਾਤਮਿਕ ਉਚਤਾ ਅਤੇ ਵਿਸ਼ੇ ਦੇ ਵੱਡੇਪਣ ਨੂੰ ਛੋਟਾ ਨਹੀਂ ਕਰ ਸਕਦਾ।

ਮੁੱਖੜਾ ਅਤੇ ਅੰਤਰੇ- ਗੀਤ ਵਿੱਚ ਇੱਕ ਮੁਖੜਾ ਹੁੰਦਾ ਹੈ, ਮਨੁੱਖੀ ਚਿਹਰੇ ਵਰਗਾ, ਜਿਸ ਤੋਂ ਉਸ ਦੀ ਪਛਾਣ ਕੀਤੀ ਜਾਂਦੀ ਹੈ। ਮੁੱਖੜੇ ਵਿੱਚ ਕਵੀ ਮਨ ਦੇ ਉਤੇਜਿਤ ਭਾਵ ਨੂੰ ਪ੍ਰਗਟਾਉਣ ਲਈ ਇਕ ਕੇਂਦਰੀ ਪੰਕਤੀ ਹੁੰਦੀ ਹੈ, ਜਿਸ ਨੂੰ 'ਟੇਕ' ਕਿਹਾ ਜਾਂਦਾ ਹੈ, ਉਹੀ ਗੀਤ ਦੀ ਜਿੰਦ-ਜਾਨ ਹੁੰਦੀ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ, "ਗੀਤ ਦੀ ਮੂਲ ਪੰਕਤੀ ਦੇ ਕੇਂਦਰੀ ਭਾਵ ਨੂੰ ਹੋਰ ਤੀਖਣਤਾ, ਵਿਸ਼ਾਲਤਾ, ਗਹਿਰਾਈ ਅਤੇ ਮਧੁਰਤਾ ਪ੍ਰਦਾਨ ਕਰਨ ਲਈ ਅਜਿਹੀ ਵਿਉਂਤ ਵਿੱਚ ਸਿਰਜਿਆ ਜਾਂਦਾ ਹੈ ਕਿ ਮੂਹਰਲੀ ਪੰਕਤੀ ਵਿੱਚ ਪੇਸ਼ ਦ੍ਰਿਸ਼, ਘਟਨਾ ਪਾਤਰ ਦੀ ਮਨੋਸਥਿਤੀ ਜਾਂ ਕਵੀ ਦੇ ਮਨੋਭਾਵ ਹੋਰ ਗਹਿਰੇ ਤੇ ਅਰਥਸ਼ੀਲ ਬਣ ਜਾਂਦੇ ਹਨ।8

ਸ਼ੁਰੂਆਤੀ ਦੌਰ ਵਿੱਚ ਚਾਰ ਅੰਤਰੇ ਦਾ ਰਿਵਾਜ ਸੀ। ਪਰ ਅੱਜ-ਕੱਲ੍ਹ ਤਿੰਨ ਅੰਤਰਿਆਂ ਵਾਲੇ ਗੀਤਾਂ ਦੀ ਬਹੁਲਤਾ ਹੈ। ਅੰਤਰਿਆਂ ਬਾਰੇ ਕੋਈ ਖਾਸ ਕਾਨੂੰਨ ਨਹੀ, ਅੱਜ ਦੇ ਪ੍ਰਸਿੱਧ ਗੀਤਕਾਰ-ਗਾਇਕ ਗੁਰਦਾਸ ਮਾਨ ਦੇ ਕਈ ਕਈ ਗੀਤਾਂ ਦੇ ਤਕਰੀਬਨ 15 ਅੰਤਰੇ ਸਾਡੇ ਸਾਹਮਣੇ ਹਨ। ਅਸਲ ਵਿੱਚ ਜਦੋਂ ਕਵੀ ਮਨ ਵਿੱਚ ਉਤੇਜਿਤ ਮਨੋਭਾਵ ਦੀ ਮਿਆਦ ਮੁੱਕ ਜਾਵੇ ਉਥੇ ਹੀ ਗੀਤ ਮੁੱਕ ਜਾਂਦਾ ਹੈ।

ਸੰਬੋਧਨੀ ਲਹਿਜ਼ਾ- ਗੀਤ ਹੈ ਹੀ ਸੰਬੋਧਨੀ ਕਾਵਿ। ਸੰਬੋਧਨੀ ਲਹਿਜਾ ਅਜਿਹਾ ਵਰਤਿਆ ਜਾਂਦਾ ਹੈ ਜਿਸ ਤੋਂ ਅੰਤਰ ਮਨ ਦੇ ਭਾਵਾਂ ਨੂੰ ਸ਼ੈਲੀਗਤ ਢੰਗ ਨਾਲ

45/ਦੀਪਕ ਜੈਤੋਈ