ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਗੀਤ ਦਾ ਆਕਾਰ ਸੰਖੇਪ ਅਤੇ ਸੰਕੋਚਵਾਂ ਹੁੰਦਾ ਹੈ। ਪ੍ਰਭਾਵ ਦੀ ਏਕਤਾ ਲਾਜ਼ਮੀ ਹੁੰਦੀ ਹੈ, ਬਹੁਤੇ ਵਿਚਾਰ ਇੱਕੋ ਸਮੇਂ ਇੱਕੋ ਗੀਤ ਵਿੱਚ ਸਮੋ ਨਹੀਂ ਸਕਦੇ। ਹਰ ਗੱਲ, ਹਰ ਦ੍ਰਿਸ਼, ਬਹੁਤ ਥੋੜ੍ਹੇ ਲਫ਼ਜ਼ਾਂ ਵਿੱਚ ਅੰਕਿਤ ਕਰਨੀ ਪੈਂਦੀ ਹੈ ਤੇ ਅੰਕਿਤ ਵੀ ਵੱਖਰੇ ਢੰਗ ਦੀ ਰੰਗੀਨਤਾ ਨਾਲ। ਗੀਤ ਦਾ ਆਰੰਭ ਇੱਕ ਪ੍ਰੇਰਨਾ ਤੋਂ ਪ੍ਰੇਰਿਤ ਹੋਇਆ ਹੁੰਦਾ ਹੈ, ਮੱਧ ਤੀਬਰ ਮਨੋਭਾਵਾਂ ਨਾਲ ਤੇ ਅੰਤ ਚਰਮ ਸੀਮਾ ਨਾਲ। ਜਿਥੇ ਪੁੱਜ ਕੇ ਗੀਤ ਵਿੱਚ ਇੱਕ ਮੋੜ ਆਉਂਦਾ ਹੈ ਤੇ ਉਸ ਮੋੜ ਨਾਲ ਪਾਠਕ, ਸੋਤਾ ਅਤੇ ਕਵੀ ਸਹਿਜ-ਸਧਾਰਨ ਅਵਸਥਾ ਵਿੱਚ ਆ ਜਾਂਦੇ ਹਨ।

ਇਹ ਤਾਂ ਹੋਈ ਪ੍ਰਕਿਰਤੀ ਦੀ ਗੱਲ, ਹੁਣ ਗੱਲ ਕਰਦੇ ਹਾਂ ਇਸ ਦੇ ਸਰੂਪ ਬਾਰੇ। ਸਰੂਪ ਦੇ ਸ਼ਾਬਦਿਕ ਅਰਥ ਹਨ ਦਿਖ,ਆਕਾਰ ਜਾਂ ਬਣਤਰ। ਗੀਤ ਦਾ ਆਕਾਰ ਲਘੂ ਹੁੰਦਾ ਹੈ, ਲਘੂ ਸੁਰ ਵਰਗਾ। ਗੀਤ ਦੇ ਸਰੂਪ ਵਿੱਚ ਹੇਠ ਲਿਖੇ ਤੱਤ ਹੁੰਦੇ ਹਨ।

ਸੁਭਾਵਿਕਤਾ - ਸੁਭਾਵਿਕਤਾ ਇਸ ਦਾ ਅਹਿਮ ਪਹਿਲੂ ਹੈ। ਕੋਈ ਰੋਕ-ਟੋਕ ਨਹੀਂ, ਬੁੱਧੀ ਤੇ ਸ਼ਿੰਗਾਰ ਰਹਿਤ, ਬਸ ਸੁਭਾਵਿਕ ਤੌਰ 'ਤੇ ਮਨ 'ਚੋਂ ਉਪਜੇ ਬੋਲ ਹੀ ਗੀਤ ਹੁੰਦੇ ਹਨ। ਸਹਿਜ ਅਵਸਥਾ ਵਿੱਚ ਬੈਠੇ-ਬੈਠੇ ਜਦੋਂ ਦਿਲ ਦੀ ਤਾਰ ਹਿੱਲੇ, ਜਾਣੇ-ਅਣਜਾਣੇ ਹੀ ਗੁਣ-ਗੁਣ ਹੋਣ ਲੱਗੇ, ਉਦੋਂ ਹੀ ਗੀਤ ਦੀ ਉਪਜ ਹੁੰਦੀ ਹੈ। ਕੁਝ ਸੁਭਾਵਿਕ ਤੌਰ 'ਤੇ ਹੁੰਦਾ ਹੈ, ਇਸੇ ਨੂੰ ਹੀ 'ਗੀਤ ਦੀ ਆਮਦ ਜਾਂ 'ਗੀਤ ਦਾ ਜਨਮ ਕਹਿ ਸਕਦੇ ਹਾਂ।

ਭਾਵਾਂ ਦੀ ਏਕਤਾ- ਗੀਤ ਇੱਕ ਰੂਹਾਨੀ ਦ੍ਰਿਸ਼ ਹੈ। ਇਹ ਬੁੱਧੀ ਅਤੇ ਤਰਕ ਦਾ ਬਹੁਤਾ ਬੋਝ ਝੱਲ ਨਹੀ ਸਕਦਾ। ਗੀਤ ਅੰਦਰ ਬਹੁਤੇ ਭਾਵਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਗੀਤ ਦਾ ਦਾਇਰਾ ਬਹੁਤ ਛੋਟਾ ਅਤੇ ਸੰਕੁਚਿਤ ਹੁੰਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਹੀ ਗੱਲ ਨੂੰ ਕਹਿਣਾ ਅਤੇ ਦ੍ਰਿਸ਼ ਬਣਾ ਕੇ ਪਾਠਕ/ਸ੍ਰੋਤੇ ਦੇ ਸਾਹਵੇਂ ਪੇਸ਼ ਕਰਨਾ ਹੁੰਦਾ ਹੈ। ਬਹੁਤੇ ਭਾਵਾਂ ਦੀ ਥਾਵੇਂ ਇੱਕ ਭਾਵ ਅਤੇ ਭਾਵਾਂ ਦੀ ਏਕਤਾ ਹੀ ਗੀਤ ਦਾ ਜੁੱਸਾ ਹੁੰਦਾ ਹੈ। ਕਵੀ ਦਾ ਮਨ ਗੀਤ ਰਚਨਾ ਸਮੇਂ ਖਾਸ ਪ੍ਰਕਾਰ ਦੀ ਅਵਸਥਾ ਵਿੱਚ ਹੁੰਦਾ ਹੈ, ਇਸੇ ਕਰਕੇ ਹਰੇਕ ਗੀਤ ਵਿੱਚ ਬਹੁਤੇ ਭਾਵਾਂ ਦੀ ਥਾਵੇਂ ਭਾਵਾਂ ਦੀ ਏਕਤਾ ਮੌਜੂਦ ਰਹਿੰਦੀ ਹੈ।

ਆਪ ਮੁਹਾਰੇ ਰਾਗ- ਗੀਤ ਕਿਸੇ ਖਾਸ ਰਾਗ ਦੇ ਅੰਦਰ ਨਹੀਂ ਲਿਖਿਆ ਜਾਂਦਾ। ਇਹ ਆਪ ਮੁਹਾਰਾ ਵੇਗ ਹੁੰਦਾ ਹੈ। ਗੀਤ ਰਚਨਾ ਸਮੇਂ ਕਵੀ ਕਲਪਨਾ ਦੀਆਂ ਉਚੀਆਂ ਸੀਮਾਵਾਂ ਵਿੱਚ ਘੁੰਮ ਰਿਹਾ ਹੁੰਦਾ ਹੈ, ਪਰ ਬਿਰਤੀਆਂ ਇਕਸੁਰ ਹੁੰਦੀਆਂ ਹਨ। ਲੈਅ ਆਪ ਮੁਹਾਰੀ ਹੁੰਦੀ ਹੈ ਨਾ ਕਿ ਪਹਿਲਾਂ ਘੜੀ ਹੋਈ। ਗੀਤ ਪਦਿਆਂ ਪਦਿਆਂ ਆਪ ਮੁਹਾਰੇ ਹੀ ਇੱਕ ਰਾਗ, ਇੱਕ ਲੈਅ ਸਾਡੇ ਅੰਦਰੋਂ ਉਠਦੀ ਹੈ, ਤੇ ਸਾਡਾ ਗੁਣ ਗੁਣਾਉਣ ਨੂੰ ਜਾਂ ਗਾਉਣ ਨੂੰ ਦਿਲ ਕਰ ਆਉਂਦਾ ਹੈ।

ਛੰਦ ਅਤੇ ਰਸ- ਡਾ. ਸਤਿੰਦਰ ਸਿੰਘ ਅਨੁਸਾਰ, "ਗੀਤ, ਉਸ ਛੰਦ-ਬੱਧ ਗੇਯ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਦੀ ਰਚਨਾ ਖਾਸ 'ਤੇ ਨਿਯਮਿਤ ਛੰਦਾਂ ਵਿੱਚ ਕੀਤੀ ਗਈ ਹੋਵੇ ਅਤੇ ਅਸਲ ਵਿੱਚ ਗਾਏ ਜਾਣ ਦੇ ਨਿਯਮਾਂ ਦੇ ਅਨੁਕੂਲ ਹੋਵੇ।7 ਬੇਸ਼ੱਕ ਛੰਦ

44/ਦੀਪਕ ਜੈਤੋਈ