-ਗੀਤ ਵਲਵਲਿਆਂ, ਜਜ਼ਬਿਆਂ ਤੇ ਭਾਵਾਂ ਨਾਲ ਸੰਬੰਧਤ ਹੈ ਜਦਕਿ ਕਵੀਸ਼ਰੀ ਨਾਇਕ-ਨਾਇਕਾਵਾਂ ਦੀ ਪ੍ਰਤਿਭਾ ਜਾਂ ਇਤਿਹਾਸਕ ਕਾਰਜਾਂ ਨਾਲ ਸੰਬੰਧਤ ਹੈ।
ਨਜ਼ਮ:- ਨਜ਼ਮ ਅਰਬੀ ਮੂਲ ਦਾ ਸ਼ਬਦ ਹੈ। ਇਸ ਦਾ ਅਰਥ ਹੈ ਮੋਤੀਆ ਨੂੰ ਇੱਕ ਧਾਗੇ ਵਿੱਚ ਪਰੋਣਾ।27 ਮੋਤੀਆ ਨੂੰ ਬੜੀ ਤਰਤੀਬ ਜਾਂ ਸੁਚੱਜ ਨਾਲ ਪਰੋਇਆ ਜਾਂਦਾ ਹੈ। ਕਾਵਿ-ਖੇਤਰ ਵਿੱਚ ਨਜ਼ਮ ਦੇ ਅਰਥ ਹਨ ਵਿਚਾਰਾਂ ਨੂੰ ਇੱਕ ਖਾਸ ਵਜ਼ਨ ਤੋਲ ਵਿੱਚ ਤਰਤੀਬ ਦੇਣਾ।28 ਦੂਜੇ ਸ਼ਬਦਾਂ ਵਿੱਚ ਇੱਕ ਖਾਸ ਵਜ਼ਨ ਜਾਂ ਤੋਲ ਵਿੱਚ ਚੰਗੀ ਤਰ੍ਹਾਂ ਪਰਚੇ ਜਾਂ ਤਰਤੀਬ ਦਿੱਤੇ ਸ਼ਬਦਾਂ ਅਤੇ ਖਿਆਲਾਂ ਨੂੰ 'ਨਜ਼ਮ' ਦਾ ਨਾਂ ਦਿੱਤਾ ਜਾਂਦਾ ਹੈ। 'ਅਰਬੀ/ਫ਼ਾਰਸੀ ਵਿੱਚ ਮਜ਼ਮੂਨ ਦੇ ਲਿਹਾਜ਼ ਨਾਲ ਨਜ਼ਮ ਦੇ ਕਈ ਭੇਦ ਹਨ ਜਿਵੇਂ:- ਇਸ਼ਕੀਆ, ਰਮਜ਼ੀਆ, ਮਜਾਹੀਆ ਆਦਿ।29 ਉਰਦੂ/ਫ਼ਾਰਸੀ ਵਿੱਚ ਨਜ਼ਮ ਨੂੰ ਕਾਫੀਏ ਦੀ ਪਾਬੰਦੀ ਨਾਲ ਨਿਭਾਇਆ ਜਾਂਦਾ ਹੈ ਪਰ ਜਿਸ ਨਜ਼ਮ ਵਿੱਚ ਇਸ ਪਾਬੰਦੀ ਨੂੰ ਨਾ ਅਪਣਾਇਆ ਗਿਆ ਹੋਵੇ, ਉਸ ਨੂੰ 'ਅਜ਼ਾਦ ਨਜ਼ਮ' ਕਿਹਾ ਜਾਂਦਾ ਹੈ। ਉਰਦੂ ਤੇ ਫ਼ਾਰਸੀ ਵਿੱਚ ਜਿਸ ਨਿਪੁੰਨਤਾ ਨਾਲ ਕਾਫੀਏ ਦੀ ਪਾਬੰਦੀ ਨੂੰ ਨਿਭਾਇਆ ਜਾਂਦਾ ਹੈ ਉਨੀ ਨਿਪੁੰਨਤਾ ਨਾਲ ਪੰਜਾਬੀ ਕਵਿਤਾ ਵਿੱਚ ਨਹੀ।
ਨਜ਼ਮ ਅਤੇ ਕਵਿਤਾ ਅੱਜ-ਕੱਲ੍ਹ ਪਰਾਇਵਾਚੀ ਸ਼ਬਦ ਦੇ ਤੌਰ 'ਤੇ ਵਰਤੇ ਜਾਂਦੇ ਹਨ ਪ੍ਰੰਤੂ ਜਦੋਂ ਸਟੇਜ ਤੋਂ 'ਨਜ਼ਮ' ਐਲਾਨੀ ਜਾਂਦੀ ਹੈ ਤਾਂ 'ਇੱਕ ਸੂਖਮ ਭਾਵੀ ਗੱਲ' ਵੱਲ ਧਿਆਨ ਕੇਂਦਰਿਤ ਕਰਵਾਇਆ ਜਾਂਦਾ ਹੈ।
ਨਜ਼ਮ ਦੇ ਦੋ ਰੂਪ ਵੇਖੇ ਜਾਂਦੇ ਹਨ ਇੱਕ ਖੁੱਲ੍ਹੀ ਨਜ਼ਮ ਅਤੇ ਦੂਜਾ ਛੰਦ-ਬੱਧ ਨਜ਼ਮ। ਜਿਵੇ ਕਿ 'ਪ੍ਰੋ. ਮੋਹਨ ਸਿੰਘ' ਦੁਆਰਾ ਰਚਿਤ 'ਕੁੜੀ ਪੋਠੋਹਾਰ ਦੀ' ਇੱਕ ਛੰਦ ਬੰਧ ਨਜ਼ਮ ਹੈ। ਨਜ਼ਮ ਅੰਦਰ ਇੱਕ ਵਿਚਾਰ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜੋ ਕਿ ਭਾਰੂ ਰੂਪ 'ਚ ਪ੍ਰਬਲ ਹੁੰਦੀ ਹੈ ਅਤੇ ਇਸ ਵਿੱਚ ਇੱਕ ਸੁਰ ਤਾਨ ਹੁੰਦੀ ਹੈ ਭਾਵ ਚਾਰ-ਪੰਜ ਸਤਰਾਂ ਦੀ ਰਚਨਾ ਉਸ ਵਿੱਚ ਭਾਰੇ-ਭਾਰੇ ਸ਼ਬਦ ਨਾ ਹੋਣ। ਆਕਾਰ ਦੇ ਪੱਖੋਂ ਇੱਕ ਲਘੂ ਰਚਨਾ ਹੁੰਦੀ ਹੈ, ਅਸਲ ਵਿੱਚ ਮਿੰਨੀ ਤੋਂ ਵੀ ਮਿੰਨੀ।
ਨਜ਼ਮ ਅਤੇ ਗੀਤ ਦੀ ਵਿਧਾਮੂਲਕ ਵਿਲੱਖਣਤਾ
-ਨਜ਼ਮ ਵਿੱਚ ਕੋਈ 'ਟੇਕ' ਨਹੀਂ ਹੁੰਦੀ ਜਦ ਕਿ ਗੀਤ ਵਾਰ-ਵਾਰ ਆਪਣੀ 'ਟੇਕ' ਵੱਲ ਮੁੜਦਾ ਹੈ।
-ਨਜ਼ਮ ਛੰਦ ਬੱਧ ਅਤੇ 'ਖੁੱਲ੍ਹੀ' ਵੀ ਹੋ ਸਕਦੀ ਹੈ ਜਦਕਿ ਹਰੇਕ ਗੀਤ ਇੱਕ ਵੱਖਰੇ ਛੰਦ ਵਿੱਚ ਸੰਗਠਿਤ ਹੁੰਦਾ ਹੈ।
-ਨਜ਼ਮ ਚਾਰ ਪੰਜ ਸਤਰਾਂ ਤੋਂ ਲੈ ਕੇ 10-12 ਸਤਰਾਂ ਦੀ ਹੋ ਸਕਦੀ ਹੈ ਜਦ ਕਿ ਗੀਤ ਵਿੱਚ ਇੱਕ ਮੁੱਖੜਾ ਅਤੇ ਅੱਗੇ ਕੁਝ ਅੰਤਰੇ ਹੁੰਦੇ ਹਨ।
-ਨਜ਼ਮ ਵਿੱਚ ਫੈਲਾਅ ਨਹੀਂ ਹੁੰਦਾ, ਸਿੱਧੀ ਤੇ ਸਪਾਟ ਗੱਲ ਕੀਤੀ ਜਾਂਦੀ ਹੈ ਜਦ ਕਿ ਗੀਤ ਦਾ ਮੁੱਖੜਾ ਉਸ ਦਾ ਆਧਾਰ ਹੁੰਦਾ ਹੈ ਅਤੇ ਅੰਤਰੇ ਉਸੇ ਆਧਾਰ ਦਾ ਫੈਲਾਅ ਹੁੰਦੇ ਹਨ।
53/ਦੀਪਕ ਜੈਤੋਈ