ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਵਿਤਾ

ਪੱਛਮੀ ਵਿਦਵਾਨ ਜਾਨਸਨ ਅਨੁਸਾਰ, ਕਵਿਤਾ ਇੱਕ ਛੰਦ-ਬੱਧ ਰਚਨਾ ਹੈ, ਜੋ ਕਲਪਨਾ ਅਤੇ ਤਰਕ ਦੀ ਮਦਦ ਨਾਲ ਆਨੰਦ ਅਤੇ ਸੱਚ ਦਾ ਸੰਯੋਗ ਕਰਾਉਂਦੀ ਹੈ।30 ਜਦ ਕਿ ਭਾਰਤੀ ਆਚਾਰੀਆਂ ਨੇ ਰਸਾਤਮਕ ਵਾਕ ਜਾਂ ਸ਼ਬਦ ਅਤੇ ਅਰਥ ਦੇ ਸੁਮੇਲ ਨੂੰ ਕਵਿਤਾ ਮੰਨਿਆ ਹੈ।

ਕਵਿਤਾ ਕਿਸੇ ਵਿਸ਼ੇਸ਼ ਯੁਗ ਵਿੱਚ ਪਸਰੀ ਭਾਵਨਾ ਦੀ ਕਾਵਿਕ ਅਭਿਵਿਅਕਤੀ ਹੈ ਇਸ ਦਾ ਸੰਬੰਧ ਆਪਣੇ ਯੁਗ ਨਾਲ ਵੀ ਹੈ ਅਤੇ ਸਮੁੱਚੀ ਮਨੁੱਖਤਾ ਨਾਲ ਵੀ। ਇਹੀ ਕਾਰਨ ਹੈ ਕਿ ਜੀਵਨ ਦੀ ਬਹੁਪੱਖੀ ਵਿਆਖਿਆ ਕਰਦੀ ਹੈ। ਕਵਿਤਾ ਦਾ ਇੱਕ ਖਾਸ ਲੱਛਣ ਇਹ ਹੈ ਕਿ ਇਸ ਵਿੱਚ ਜੀਵਨ ਨਾਲ ਸਬੰਧਤ ਜੋ ਵੀ ਦ੍ਰਿਸ਼ ਪੇਸ਼ ਹੁੰਦਾ ਹੈ, ਉਸ ਅੰਦਰ ਸਾਡੀਆਂ ਭਾਵਨਾਵਾਂ ਤੇ ਆਵੇਗਾਂ ਦਾ ਅੰਗ ਹੁੰਦਾ ਹੈ, ਇਹ ਕਲਪਨਾ ਸ਼ਕਤੀ ਨੂੰ ਇੱਕ ਸਾਰਥਕ ਰੂਪ ਪ੍ਰਦਾਨ ਕਰਦੀ ਹੈ।

ਮਨੁੱਖੀ ਅਨੁਭਵ ਕਵਿਤਾ ਦੀ ਜ਼ਿੰਦਜਾਨ ਹੈ।31, ਤੇ ਇਹ ਮਨੁੱਖੀ ਅਨੁਭਵ ਵਿਸ਼ੇਸ਼ ਸ਼ਬਦ ਰਚਨਾ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਹ ਅਨੁਭਵ ਯਥਾਰਥਕ ਵੀ ਹੋ ਸਕਦਾ ਹੈ ਤੇ ਕਲਪਿਤ ਵੀ, ਸੀਮਤ ਵੀ ਤੇ ਵਿਸ਼ਾਲ ਵੀ। ਇਹ ਸਭ ਕੁਝ ਕਵਿਤਾ ਅੰਦਰ ਇੱਕ ਰਚਨਾਤਮਕ ਪ੍ਰਕਿਰਿਆ ਰਾਹੀਂ ਹੀ ਪ੍ਰਗਟ ਹੁੰਦੇ ਹਨ। ਕਵਿਤਾ ਅਸਲ ਵਿੱਚ ਇੱਕ ਸੂਖ਼ਮ ਕਲਾ ਹੈ ਜੋ ਮੁੱਢ ਕਦੀਮ ਤੋਂ ਮਨੁੱਖੀ ਭਾਵਨਾਵਾਂ ਨੂੰ ਸਾਹਿਤਕ ਅਤੇ ਕਲਾਤਮਿਕ ਢੰਗ ਨਾਲ ਪ੍ਰਗਟ ਕਰਦੀ ਆਈ ਹੈ ਤੇ ਨਾਲ ਦੀ ਨਾਲ ਪਾਠਕ ਜਾਂ ਸ੍ਰੋਤੇ ਨੂੰ ਪ੍ਰਭਾਵਿਤ ਕਰਦੀ ਰਹੀ ਹੈ।

ਕਵਿਤਾ ਵਿੱਚ ਪ੍ਰਮੁੱਖ ਰੂਪ 'ਚ ਹੇਠ ਲਿਖੇ ਤੱਤ ਸ਼ਾਮਿਲ ਹੁੰਦੇ ਹਨ।

ਭਾਵ:- ਮਨੁੱਖੀ ਮਨ ਅੰਦਰ ਬੇਸ਼ੁਮਾਰ ਇੱਛਾਵਾਂ ਦੇ ਨਾਲ ਨਾਲ ਭਾਵ ਵੀ ਅੰਤਹੀਣ ਹਨ। ਕਵਿਤਾ ਵਿੱਚ ਭਾਵਾਂ ਦਾ ਸ੍ਰੇਸ਼ਠ ਹੋਣਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਤੀਬਰਤਾ ਵੀ। ਭਾਵਾਂ ਅੰਦਰ ਦਿਲ ਨੂੰ ਹਲੁਣਨ ਵਾਲਾ ਅੰਸ਼ ਵੀ ਹੋਣਾ ਚਾਹੀਦਾ ਹੈ। ਅਸਲੀਅਤ ਤਾਂ ਇਹ ਹੈ ਕਿ ਜੋ ਭਾਵ ਕਵੀ ਮਨ ਵਿੱਚ ਫੁੱਟਦੇ ਹਨ ਉਹੀ ਭਾਵ ਕਵਿਤਾ ਰਾਹੀਂ ਪਾਠਕ ਦੇ ਮਨ ਵਿੱਚ ਵੀ ਜਾਗਣੇ ਚਾਹੀਦੇ ਹਨ। ਜਿਤਨੇ ਉਤੱਮ ਭਾਵ, ਉਨੀ ਮਹਾਨ ਕਵਿਤਾ।

ਕਲਪਨਾ:- ਕਲਪਨਾ ਕਵੀ ਦੀ ਪ੍ਰਤਿਭਾ ਦਾ ਸ੍ਰੋਤ ਹੈ। ਕਲਪਨਾ ਜ਼ਰੀਏ ਹੀ ਕਵੀ ਆਪਣੇ ਭਾਵ ਜਾਂ ਅਨੁਭਵ ਨੂੰ ਨਵਾਂ ਰੂਪ ਦਿੰਦਾ ਹੈ। ਡਾ. ਸਤਿੰਦਰ ਸਿੰਘ ਨੂਰ ਅਨੁਸਾਰ, "ਕਲਪਨਾ ਕਵੀ ਦੀ ਇੱਕ ਅਜਿਹੀ ਅਨੌਖੀ ਸ਼ਕਤੀ ਹੈ ਜਿਸ ਦੁਆਰਾ ਉਹ ਤੱਥਾਂ ਨੂੰ ਅਜਿਹੇ ਢੰਗ ਨਾਲ ਰੂਪਮਾਨ ਕਰਦਾ ਹੈ ਕਿ ਉਹ ਅਸਲ ਨਾਲੋਂ ਪਿਆਰੇ, ਦਿਲਚਸਪ ਅਤੇ ਵਧੇਰੇ ਸੱਚ ਹੋ ਨਿਬੜਦੇ ਹਨ। ਕਵੀ ਜੋ ਕੁਝ ਦੇਖਦਾ ਸੁਣਦਾ ਜਾਂ ਅਨੁਭਵ ਕਰਦਾ ਹੈ, ਉਸ ਨੂੰ ਰੂਬਰੂ ਪੇਸ਼ ਨਹੀਂ ਕਰ ਦਿੰਦਾ, ਸਗੋਂ ਆਪਣੇ ਅਨੁਭਵ ਨੂੰ ਕਲਪਨਾ ਰਾਹੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਰੂਪ ਦੇ ਕੇ ਪ੍ਰਗਟਾਉਂਦਾ ਹੈ। ਇਸ ਨਾਲ ਕਵੀ ਦੀ ਅਭਿਵਿਅਕਤੀ ਸੱਚ ਹੋਣ ਦੇ ਨਾਲ ਰਸਮਈ ਵੀ ਬਣਦੀ

54/ਦੀਪਕ ਜੈਤੋਈ