ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹੇ ਗੀਤ ਭਾਵੇਂ ਕੋਈ ਸਾਰਥਿਕ ਸਮਾਜਿਕ ਸੇਧ ਨਹੀਂ ਦਿੰਦੇ ਪਰ ਫਿਰ ਵੀ ਇਹ ਮਨੁੱਖ ਦੀਆਂ ਕਾਮੁਕ ਪ੍ਰਵਿਰਤੀਆਂ ਨੂੰ ਭੜਕਾਉਂਦੇ ਨਹੀ। ਇਹ ਉਹ ਗੀਤ ਹੁੰਦੇ ਹਨ ਜਿੰਨ੍ਹਾਂ ਨੂੰ ਆਮ ਲੋਕ ਪ੍ਰਵਾਨਗੀ ਦਿੰਦੇ ਹਨ।

- ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ,
ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ51

- ਹੋਕਾ ਦੇਣ ਝਨਾਂ ਦੀਆਂ ਛੱਲਾਂ,
ਸੋਹਣੀ ਡੁਬਦੀ ਕਰ ਗਈ ਗੱਲਾਂ,
ਕੱਚਿਆਂ 'ਤੇ ਇਤਬਾਰ ਨਾ ਕਰਿਓ ਡੁੱਬ ਜੋ 'ਗੇ
ਬੇਕਦਰਾਂ ਨਾਲ ਪਿਆਰ ਨਾ ਕਰਿਓ ਡੁੱਬ ਜੋ 'ਗੇ-52

- ਗਿਲੇ-ਸ਼ਿਕਵੇ ਭੁਲਾ ਕੇ ਹੱਥ-ਹੱਥਾਂ ਵਿੱਚ ਪਾ ਕੇ,
ਹੋ ਗਏ ਯਾਰ-ਬੇਲੀ 'ਕੱਠੇ ਡੱਗਾ ਢੋਲ ਉਤੇ ਲਾ ਕੇ,
ਤੂੰ ਵੀ ਨੱਚ ਲੈ ਪਤੰਗ ਜਿਹੀ ਕੁੜੀ ਲੱਛੀਏ,
ਨੀ ਆ ਜਾ ਨੱਚੀਏ,
ਆਪਾਂ ਸਾਰੇ ਨੱਚੀਏ ਨੀ,
ਬਈ ਸ਼ਾਵਾ ਨੱਚੀਏ53

ਨਿਮਨ ਗੀਤ:- ਜਿਵੇਂ ਕਿ ਪਹਿਲਾ ਹੀ ਚਰਚਾ ਕੀਤੀ ਗਈ ਹੈ ਕਿ ਅਜੋਕਾ ਸਮਾਂ ਪੌਪ ਮਿਊਜਿਕ ਦਾ ਸਮਾਂ ਹੈ। ਗੀਤ ਆਧੁਨਿਕ ਸਮੇਂ ਦਾ ਮਨੋਰੰਜਨ ਦਾ ਸਭ ਤੋਂ ਵਧੀਆ ਢੰਗ ਹੈ। ਮੰਡੀਕਰਨ ਹੋਣ ਦੇ ਕਾਰਨ ਗੀਤ ਉਪਰ ਬਜ਼ਾਰੂਪਣ ਨੇ ਆਪਣਾ ਅਸਰ ਪਾਉਣਾ ਆਰੰਭ ਕਰ ਦਿੱਤਾ ਹੈ। ਉਤਮ ਗੀਤਾਂ ਦਾ ਸਮਾਂ ਘੱਟਦਾ ਜਾ ਰਿਹਾ ਹੈ, ਗੀਤ ਦੀ ਆਤਮਾ ਰੌਲੇ-ਰੱਪੇ 'ਚ ਗੁਆਚ ਰਹੀ ਹੈ। ਅਜੋਕਾ ਗੀਤ ਪੰਜਾਬੀ ਸੱਭਿਆਚਾਰ ਦੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਿੱਚ ਲੱਗਾ ਹੋਇਆ ਹੈ। ਹਲਕੀ ਸ਼ਬਦਾਵਲੀ, ਘਟੀਆ ਵਿਚਾਰ ਤੇ ਗੰਦੀ ਸੋਚ ਇਸ ਸਮੇਂ ਇਸ ਕਾਵਿਰੂਪ ਨੂੰ ਹਲਕੇ ਪੱਧਰ 'ਤੇ ਲਿਜਾ ਰਹੀ ਹੈ। ਕਈ ਗੀਤ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰੇਕ ਸਿਆਣੇ ਅਤੇ ਸਾਊ ਮਨੁੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਜਿਹੇ ਗੀਤ ਸਿਰਫ ਮਨੁੱਖੀ ਕਾਮੁਕਤਾ ਨਾਲ ਸਬੰਧਤ ਨੰਗੇ ਅਧਨੰਗੇ ਪਾਸਾਰਾਂ ਨੂੰ ਚਿਤਰਦੇ ਹਨ। ਮਨੁੱਖ ਦੀਆਂ ਜਿਨਸੀ ਭੁੱਖਾਂ ਦਾ ਪ੍ਰਗਟਾਅ ਜਿਹੜੀਆਂ ਸੱਭਿਆਚਾਰਕ ਸਮਾਜ ਵਿੱਚ ਵਰਜਿਤ ਹੁੰਦੀਆਂ ਹਨ। ਵਪਾਰੀਕਰਨ ਦੇ ਚਲਦਿਆਂ ਅਜਿਹੇ ਗੀਤ ਅਣਭੋਲ ਜਵਾਨੀ ਦੇ ਕੋਮਲ ਤੇ ਸੂਖਮ ਜਜ਼ਬਿਆਂ ਨੂੰ ਆਪਣੀ ਜ਼ਹਿਨੀਅਤ ਦਾ ਆਧਾਰ ਬਣਾਉਂਦੇ ਹਨ। ਅਜਿਹੇ ਗੀਤਾਂ ਦੇ ਅੱਗੇ ਆਉਣ ਦਾ ਕਾਰਨ ਸਾਡੇ ਸਭਨਾਂ ਦੀ ਅਗਿਆਨਤਾ ਭਰਪੂਰ ਅਣਜਾਣ ਸੋਚ ਹੈ। ਸਸਤੀ ਸ਼ੁਹਰਤ ਦੇ ਚਾਹਵਾਨ ਲੋਕ ਅਜਿਹੇ ਕਦਮ ਚੁੱਕ ਰਹੇ ਹਨ।

62/ਦੀਪਕ ਜੈਤੋਈ