ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਖੋਂ, ਜੈਤੋ ਵਿਖੇ ਹੋਇਆ, ਨਾਮ ਰੱਖਿਆ ਗਿਆ 'ਗੁਰਚਰਨ ਸਿੰਘ'। ਸਮਾਂ ਘਰੇਲੂ ਤੰਗੀ-ਤੁਰਸ਼ੀ ਦਾ ਸੀ। ਹਾਲਾਤ ਨੇ ਬਹੁਤੀ ਵਿਦਿਆ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਈ ਤੇ ਆਪ ਛੋਟੀ ਉਮਰ ਵਿੱਚ ਹੀ ਪਿਤਾ ਨਾਲ ਮਿਲ ਕੇ ਜੱਦੀ ਕਿੱਤਾਕਾਰੀ ਦਾ ਕੰਮ ਬਹੁਤ ਧਿਆਨ ਨਾਲ ਸਿੱਖਣ ਲੱਗ ਪਏ ਅਤੇ ਜੀਵਨ ਨਿਰਬਾਹ ਵਿੱਚ ਹੱਥ ਵਟਾਉਣ ਲੱਗ ਪਏ।

ਦੀਪਕ ਦਾ ਬਚਪਨ ਬੜਾ ਰੌਚਕ, ਰਚਨਾਤਮਕ ਅਤੇ ਰਸਮਈ ਸੀ। ਬਚਪਨ ਤੇ ਸਭ ਤੋਂ ਵੱਧ ਪ੍ਰਭਾਵ ਪਿਤਾ ਜੀ ਦਾ ਪਿਆ। ਉਹਨਾਂ ਦਿਨਾਂ ਵਿੱਚ ਰਾਮਲੀਲਾ, ਹਨੂੰਮਾਨ, ਨਾਟਕ, ਨਕਲਾਂ, ਨਾਚ, ਜਲਸਿਆਂ, ਮੇਲੇ, ਮਸਾਹਵਿਆਂ ਤੇ ਛਿੰਝਾਂ, ਘੋਲਾਂ ਦਾ ਆਮ ਰਿਵਾਜ਼ ਸੀ। ਲੋਕੀ ਆਪਣੇ ਕੰਮਾਂ-ਕਾਰਾਂ ਤੋਂ ਸਮਾਂ ਕੱਢ ਕੇ ਮਨ ਪ੍ਰਚਾਵੇ ਲਈ ਕਿਸੇ ਨਾ ਕਿਸੇ ਪਾਸੇ ਸ਼ਾਮਾਂ ਨੂੰ ਤੁਰ ਪੈਂਦੇ। ਮੇਲਿਆਂ ਵਿੱਚ ਦੀਪਕ ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਭਗਤ ਸਿੰਘ, ਰਾਜਾ ਰਸਾਲੂ, ਪੂਰਨ ਭਗਤ, ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸੰਗਾਂ ਨੂੰ ਸੁਣਦਾ ਅਤੇ ਗਾਉਣ ਦੀ ਕੋਸ਼ਿਸ਼ ਕਰਦਾ। ਦੀਪਕ ਜੀ ਦੇ ਪਿਤਾ ਹਨੂੰਮਾਨ ਦੇ ਪੱਕੇ ਉਪਾਸ਼ਕ ਸਨ ਜੋ ਹਰ ਰੋਜ਼ ਘਰ ਦੇ ਨੇੜੇ ਹੀ ਇੱਕ ਮੰਦਰ ਵਿੱਚ ਜਾ ਕੇ ਹਨੂੰਮਾਨ ਦੀ ਆਰਤੀ ਉਤਾਰਦੇ ਸਨ ਤੇ ਗੁਰਚਰਨ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ। ਇਸ ਪ੍ਰਕਾਰ ਬਚਪਨ ਤੋਂ ਹੀ ਉਸ ਉਪਰ ਪਿਤਾ ਦਾ ਏਨਾ ਪ੍ਰਭਾਵ ਪਿਆ ਕਿ ਉਹ ਵੀ ਹਰ ਰੋਜ਼ ਹੀ ਮੰਦਰ ਵਿੱਚ ਹਨੂੰਮਾਨ ਚਾਲੀਸਾ ਪੜ੍ਹਨ ਲੱਗ ਪਿਆ। ਮੰਦਰ ਦੇ ਲਾਗੇ ਹੀ ਗਭਰੀਟ ਮੁੰਡਿਆਂ ਨੇ ਘੋਲ ਕਰਨ ਤੇ ਕਬੱਡੀ ਆਦਿ ਖੇਡਣ ਲਈ ਅਖਾੜਾ ਬਣਾਇਆ ਹੋਇਆ ਸੀ। ਦੀਪਕ ਵੀ ਘੋਲ ਵੇਖਦਾ-ਵੇਖਦਾ ਜੋਸ਼ ਨਾਲ ਪੱਟਾਂ ਤੇ ਥਾਪੀਆਂ ਮਾਰਨ ਲੱਗਾ। ਇੱਕ ਦਿਨ ਦੀਪਕ ਘੋਲ ਵੇਖ ਰਿਹਾ ਸੀ ਤਾਂ ਇੱਕ ਆਦਮੀ ਨੇ ਧੱਕਾ ਮਾਰ ਕੇ ਪਾਸੇ ਕਰ ਦਿੱਤਾ। ਦੀਪਕ ਜੀ ਨੂੰ ਇਹ ਗੱਲ ਬਹੁਤ ਚੁੱਭੀ, ਤਦ ਦੀਪਕ ਜੀ ਨੇ ਪੱਕਾ ਮਨ ਬਣਾਇਆ, "ਮੈਂ ਵੀ ਪਹਿਲਵਾਨ ਬਣਾਂਗਾ"। ਹੁਣ ਉਹ ਬਚਪਨ ਪਾਰ ਕਰਕੇ ਲੜਕਪਨ ਵਿੱਚੋਂ ਲੰਘਦਾ ਹੋਇਆ ਆਪਣੀ ਜਵਾਨੀ ਦੇ ਪੜ੍ਹਾਅ ਵੱਲ ਪੈਰ ਵਧਾ ਰਿਹਾ ਸੀ। ਕੱਦ ਭਾਵੇਂ ਦਰਮਿਆਨਾ ਸੀ ਪਰ ਸਰੀਰ ਗਠਿਆ ਤੇ ਸੋਹਣਾ ਸੀ। ਸਿੱਟਾ ਇਹ ਹੋਇਆ ਕਿ ਉਹ ਚੰਗੀ ਭਲਵਾਨੀ ਵਿੱਚ ਵੀ ਆਪਣੇ ਸਾਥੀਆਂ ਵਿੱਚ ਜਾਣਿਆ ਜਾਣ ਲੱਗਾ। ਪਹਿਲਵਾਨੀ ਸਰੀਰ ਦੀ ਚਮਕ ਖੂਬਸੂਰਤੀ ਦੇ ਹੜ੍ਹ ਨੂੰ ਆਪਣੇ ਵੱਲ ਖਿੱਚ ਜ਼ਰੂਰ ਪਾਉਂਦੀ ਸੀ, ਪਰ ਗੁਰਚਰਨ ਲੰਗੋਟੀ ਦਾ ਜਤੀ ਕੰਵਲ ਫੁੱਲ ਦੀ ਨਿਆਈਂ ਨਿਰਲੇਪ ਰਹਿ ਆਪਣੀਆਂ ਰਾਹਾਂ ਤੇ ਤੁਰਦਾ ਰਹਿੰਦਾ ਸੀ।

ਪੁੱਤਰ ਦੀ ਚੜ੍ਹਦੀ ਜਵਾਨੀ ਦੀ ਬੇਤਾਬੀ ਦੇ ਜ਼ੇਰੇ ਅਸਰ ਮਾਪਿਆਂ ਨੇ ਗੁਰਚਰਨ ਸਿੰਘ ਦਾ ਵਿਆਹ ਸੋਲਾਂ ਸਾਲ ਦੀ ਉਮਰ ਵਿੱਚ ਬਲਵੰਤ ਕੌਰ ਨਾਲ ਕਰ ਦਿੱਤਾ। ਪਰ ਹਨੂੰਮਾਨ ਦਾ ਚੇਲਾ ਗੁਰਚਰਨ ਸਿੰਘ ਵਿਆਹ ਜੇਹੀ ਗੱਲ ਤੋਂ ਉਕਾ ਹੀ ਬੇਸੁੱਧ ਸੀ। ਪਰ ਆਖਰ ਇੱਕ ਦਿਨ ਜਤ ਸਤ ਟੁੱਟਿਆ ਤੇ ਨਾਲ ਹੀ ਮੰਦਰ ਤੇ ਮੰਦਰ ਵਿਚਲੇ ਹਨੂੰਮਾਨ ਦੇ ਚਾਲੀਸੇ ਨੂੰ ਅਲਵਿਦਾ ਆਖੀ। ਇਸ ਪਿਛਲੋਂ ਗੁਰਚਰਨ ਦਾ ਪਰਿਵਾਰਕ

64/ਦੀਪਕ ਜੈਤੋਈ