ਦੋ ਸ਼ਬਦ
ਮਨੁੱਖੀ ਭਾਵਾਂ ਨੂੰ ਸ਼ਾਬਦਿਕ ਜਾਮਾ ਪਹਿਨਾ ਕੇ ਸਹਿਜਤਾ ਪੂਰਵਕ ਆਮ ਲੋਕਾਈ ਤੱਕ ਅਪੜਾਉਣ ਵਾਲੇ ਸੰਚਾਰਮਈ ਵਸੀਲੇ ਨੂੰ ਸਾਹਿਤ ਕਿਹਾ ਜਾਂਦਾ ਹੈ। ਸਾਹਿਤ ਸਮਾਜ ਦੇ ਉਹਨਾਂ ਲੁਕਵੇਂ ਪੱਖਾਂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ, ਜਿਹੜੇ ਆਮ ਮਨੁੱਖ ਦੀਆਂ ਅੱਖੀਆਂ ਤੋਂ ਉਹਲੇ ਹੋ ਜਾਂਦੇ ਹਨ। ਸਾਹਿਤ ਨਿਰਾ-ਪੁਰਾ ਸੱਚ ਨਹੀਂ ਹੁੰਦਾ, ਬਲਕਿ ਇਹ ਇੱਕ ਕਲਾਤਮਿਕ ਸੱਚ ਹੁੰਦਾ ਹੈ ਜਿਸ ਵਿੱਚ ਸਾਹਿਤਕਾਰ ਆਪਣੀ ਜ਼ਿੰਦਗੀ ਦੇ ਅਨੁਭਵ ਦੇ ਨਾਲ ਨਾਲ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕਰਦਾ ਹੈ। ਇਸ ਪੇਸ਼ਕਾਰੀ ਦੇ ਅੰਤਰਗਤ ਹੀ ਉਹ ਯਥਾਰਥ ਦਾ ਆਪਣੇ ਢੰਗ ਨਾਲ ਬੋਧ ਕਰਵਾਉਂਦਾ ਹੈ। ਸਾਹਿਤ ਇੱਕ ਅਜਿਹੀ ਗੁੰਝਲਮਈ ਪ੍ਰਕਿਰਿਆ ਹੈ, ਜਿਸ ਨੂੰ ਸੁਲਝਾਉਣ ਲਈ ਉਸ ਵਿਚਲੇ ਕੋਡਾਂ ਨੂੰ ਡੀ ਕੋਡ ਕਰਨਾ ਪੈਂਦਾ ਹੈ।
ਗੀਤ-ਸਾਹਿਤ ਦੀ ਇੱਕ ਕਾਵਿ ਵੰਨਗੀ ਹੈ ਕਾਵਿ ਦਾ ਇੱਕ ਸੰਖੇਪ ਰੂਪਾਕਾਰ। ਗੀਤ ਵਿੱਚ ਇੱਕ ਵਿਸ਼ੇਸ਼ ਸਥਿਤੀ ਦਾ ਵਿਸ਼ੇਸ਼ ਸੰਰਚਨਾਂ ਦੇ ਅੰਤਰਗਤ ਇੱਕ ਸੰਗੀਤਕ ਪ੍ਰਗਟਾਵਾ ਮੌਜੂਦ ਹੁੰਦਾ ਹੈ। ਪ੍ਰਭਾਵ ਦੀ ਏਕਤਾ ਦੇ ਨਾਲ ਨਾਲ ਸੰਗੀਤ ਗੀਤ ਲਈ ਜ਼ਰੂਰੀ ਅੰਗ ਹੈ। ਗੀਤ ਇੱਕ ਤਰ੍ਹਾਂ ਦਾ ਨਿੱਜ ਦਾ ਪ੍ਰਗਟਾਵਾ ਹੁੰਦਾ ਹੈ, ਜਿਸ ਨੂੰ ਪੜ੍ਹ/ਸੁਣ ਕੇ ਪਾਠਕ/ਸਰੋਤੇ ਨੂੰ ਆਪਣਾ ਆਪਾ ਉਸ ਵਿੱਚ ਪ੍ਰਤੀਤ ਹੁੰਦਾ ਹੈ।
ਗੀਤ ਵਿੱਚ ਇੱਕ ਪ੍ਰਚੰਡ ਮਨੋਭਾਵ ਨੂੰ ਸੰਗੀਤ ਬੋਲਾਂ ਵਿੱਚ ਲਪੇਟ ਕੇ ਪੇਸ਼ ਕੀਤਾ ਜਾਂਦਾ ਹੈ। ਖਾਸ ਨਿਯਮਤ ਬੋਲਾਂ ਵਿੱਚ ਗਾਏ ਜਾਣ ਦੇ ਨਿਯਮਾਂ ਦੇ ਅਨੁਕੂਲ ਹੋਣਾ ਇਸ ਕਾਵਿ-ਰੂਪ ਦੀ ਬੰਦਿਸ਼ ਹੁੰਦੀ ਹੈ। ਗੁੰਝਲਦਾਰ ਹੋਣ ਦੀ ਬਜਾਏ ਸੰਖੇਪ, ਸਰਲਭਾਵੀ ਹੋਣਾ ਇਸ ਦਾ ਲੋੜੀਂਦਾ ਗੁਣ ਹੈ। ਬੋਧਿਕ ਦਲੀਲਾਂ ਦੀ ਥਾਵੇਂ ਮਧੁਰ ਭਾਸ਼ਾ ਵਿੱਚ ਸਰਲਤਾ ਭਰਭੂਰ ਭਾਵਾਂ ਦਾ ਪ੍ਰਗਟਾਅ ਹੀ ਗੀਤ ਹੈ।
ਦੀਪਕ ਜੈਤੋਈ (ਗੁਰਚਰਨ ਸਿੰਘ) ਗ਼ਜ਼ਲ ਦੇ 'ਬਾਬਾ ਬੋਹੜ' ਵਜੋਂ ਮਕਬੂਲ ਹਨ। ਗ਼ਜ਼ਲ ਦੇ ਨਾਲ ਨਾਲ ਉਹਨਾਂ ਨੇ ਗੀਤ-ਕਾਵਿ ਉਪਰ ਵੀ ਆਪਣੀ ਕਲਮ ਬਾਖੂਬੀ ਚਲਾਈ ਹੈ ਤੇ ਬਹੁਤ ਸਾਰੇ ਪ੍ਰਸਿੱਧ ਗੀਤਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਨੂੰ ਲੋਕ-ਗੀਤਾਂ ਦੇ ਬਰਾਬਰ ਦੀ ਪ੍ਰਵਾਨਗੀ ਮਿਲ ਚੁੱਕੀ ਹੈ।
ਗ਼ਜ਼ਲ ਦੀ ਚੋਟੀ ਫਤਿਹ ਕਰਨ ਵਾਲੇ ਦੀਪਕ ਜੈਤੋਈ ਨੇ ਆਪਣੇ ਗੀਤਾਂ ਵਿਚਲੇ ਪਾਤਰ ਚੰਡੀਗੜ੍ਹ-ਪਟਿਆਲੇ ਵਰਗੇ ਸ਼ਹਿਰਾਂ ਦੇ ਮੁੰਡੇ ਕੁੜੀਆਂ ਨੂੰ ਨਹੀਂ ਲਿਆ ਸਗੋਂ ਉਨ੍ਹਾਂ ਨੂੰ ਲਿਆ ਹੈ ਜਿਨ੍ਹਾਂ ਦੀ ਨਜ਼ਰ ਵਿੱਚ ਆਪਣੇ ਮਾਪਿਆਂ ਪ੍ਰਤੀ ਹਾਲੇ ਵੀ ਇੱਜ਼ਤ ਮੌਜੂਦ ਹੈ।
ਹਥਲੀ ਪੁਸਤਕ ਦੀਪਕ ਜੈਤੋਈ: ਜੀਵਨ ਅਤੇ ਗੀਤ-ਕਲਾ ਨੂੰ ਪ੍ਰਮੁੱਖ ਤੌਰ 'ਤੇ ਤਿੰਨ ਅਧਿਆਇਆਂ ਵਿੱਚ ਵੰਡ ਕੇ ਆਪਣੀ ਖੋਜ ਕਰਨ ਦਾ ਉਪਰਾਲਾ ਕੀਤਾ ਹੈ।
7/ਦੀਪਕ ਜੈਤੋਈ