ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣ ਕੇ ਮਜ਼ਾ ਨਾ ਆਵੇ, ਉਸ ਨੂੰ ਗ਼ਜ਼ਲ ਨਾ ਆਖੋ,
ਦਿਲ ਵਿੱਚ ਜੇ ਖੁੱਬ ਨਾ ਜਾਵੇ, ਉਸ ਨੂੰ ਗ਼ਜ਼ਲ ਨਾ ਆਖੋ।
ਖੂਬੀ ਗ਼ਜ਼ਲ ਦੀ ਇਹ ਹੈ, ਦਿਲ ਨੂੰ ਚੜ੍ਹਾਵੇ ਮਸਤੀ,
ਜਿਹੜੀ ਦਿਮਾਗ ਖਾਵੇ, ਉਸ ਨੂੰ ਗ਼ਜ਼ਲ ਨਾ ਆਖੋ।59

ਦੀਪਕ ਜੀ ਜਨੂੰਨੀ ਕੱਟੜ ਪੰਥੀਆਂ ਤੇ ਜੰਗਬਾਜਾਂ ਨੂੰ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ:

'ਸਭ ਸੁਆਹ ਹੋ ਜਾਊ ਸੜ ਕੇ ਜੇ ਭੜਕ ਉਠੀ ਇਹ ਅੱਗ,
ਪਾਗਲੋ ਕਣ-ਕਣ 'ਚ ਨਾ ਚਿੰਗਾਰੀਆਂ ਪੈਦਾ ਕਰੋ।60

ਦੀਪਕ ਜੈਤੋਈ ਜੀ ਨੇ ਅਜੋਕੀ ਸਥਿਤੀ ਦਾ ਵੀ ਬੜੀ ਸ਼ਿੱਦਤ ਨਾਲ ਆਪਣੇ ਸ਼ਿਅਰਾਂ ਵਿੱਚ ਵਰਣਨ ਕੀਤਾ ਹੈ:

"ਉਦਾਸ ਬੁਲਬੁਲ, ਨਿਰਾਸ਼ ਜੁਗਨੂੰ, ਹਤਾਸ਼ ਘੁੱਗੀਆਂ, ਦੁੱਖੀ ਗੁਟਾਰਾਂ,
ਝੜੇ ਨੇ ਸਾਖ ਤੋਂ ਅਧ ਖਿੜੇ ਫੁੱਲ, ਚਮਨ 'ਚ ਕੈਸੀ ਬਹਾਰ ਆਈ।61

ਸ਼ਰਾਬ ਪੀਣ ਦੀ ਆਪ ਨੂੰ ਬਹੁਤ ਆਦਤ ਸੀ। ਉਹ ਆਪਣੇ ਇਸ ਐਬ ਨੂੰ ਕਦੇ ਛੁਪਾਉਂਦੇ ਨਹੀ ਸਨ। ਆਪਣੇ ਇੱਕ ਸ਼ੇਅਰ ਵਿੱਚ ਉਹ ਤਾਂ ਖੁਦ ਹੀ ਲਿਖਦੇ ਹਨ:

'ਦੀਪਕ ਜੈਤੋਈ ਨੂੰ ਮਿਲਣੈ? ਉਹ ਇਸ ਬਸਤੀ ਵਿੱਚ ਨਈ ਰਹਿੰਦਾ,
ਜਾਂ ਠੇਕੇ ਜਾਂ ਸੜਕ ਤੇ ਕਿਧਰੇ ਮਿਲਦੈ, ਉਹ ਸ਼ੌਦਾਈ ਅਕਸਰ 62

ਦੀਪਕ ਜੈਤੋਈ ਪੰਜਾਬੀ ਦੇ ਪ੍ਰਸਿਧ ਗ਼ਜ਼ਲਗੋ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਆਮ ਵਿਦਵਾਨਾਂ ਅਤੇ ਪਾਠਕਾਂ ਨੇ ਉਹਨਾਂ ਦੀਆਂ ਗ਼ਜ਼ਲਾਂ ਦੀ ਉਚ ਅਤੇ ਅਮਿਤ ਵਡਿਆਈ ਦਾ ਜ਼ਿਕਰ ਹੀ ਕੀਤਾ ਹੈ। ਉਹ ਉਸਤਾਦ ਗ਼ਜ਼ਲਗੋ ਵਜੋਂ ਹੀ ਪ੍ਰਸਿੱਧ ਹਨ ਪਰ ਉਨ੍ਹਾਂ ਨੇ ਬੰਦਾ ਬਹਾਦਰ ਬਾਰੇ ਇੱਕ ਕਮਾਲ ਦਾ ਮਹਾਂਕਾਵਿ, "ਮਾਲਾ ਕਿਉਂ ਤਲਵਾਰ ਬਣੀ" ਲਿਖਿਆ ਤੇ ਨਾਲ ਹੀ ਬਹੁਤ ਸਾਰੇ ਗੀਤ ਵੀ। ਗੀਤ ਵੀ ਐਸੇ ਜਿੰਨਾਂ ਨੂੰ ਆਮ ਲੋਕਾਂ ਦੇ ਨਾਲ ਨਾਲ ਵਿਦਵਾਨ ਵੀ ਉਂਦੋ ਤੱਕ 'ਲੋਕ-ਗੀਤ' ਸਮਝਦੇ ਰਹੇ, ਜਦੋਂ ਤੱਕ ਉਹਨਾਂ ਦਾ ਗੀਤ ਸੰਗ੍ਰਹਿ "ਆਹ ਲੈ ਮਾਏ ਸਾਂਭ ਕੁੰਜੀਆਂ" ਨਹੀ ਛਪਿਆ।

ਦੀਪਕ ਜੈਤੋਈ ਦੇ ਗੀਤਾਂ ਦੀ ਇਹ ਵਡਿਆਈ ਵੇਖੀ ਜਾ ਸਕਦੀ ਹੈ ਕਿ ਇਹਨਾਂ ਗੀਤਾਂ ਨੂੰ ਸਰਲ ਭਾਸ਼ਾ ਵਿੱਚ ਸਹਿਜ-ਕਾਵਿ ਵਾਂਗੁ ਮਾਣਿਆ ਜਾ ਸਕਦਾ ਹੈ। ਇਹ ਗੀਤ ਆਮ ਜਨ-ਜੀਵਨ ਦੇ ਬਹੁਤ ਨੇੜੇ ਹਨ ਜਿੰਨ੍ਹਾਂ ਕਰਕੇ ਇਨ੍ਹਾਂ ਦੀ ਅਪੀਲ ਬਹੁਤ ਜ਼ਿਆਦਾ ਹੈ। ਉਦਾਹਣ ਵਜੋਂ 'ਆਹ ਲੈ ਮਾਏ ਸਾਂਭ ਕੁੰਜੀਆਂ' ਗੀਤ, ਜਦੋਂ ਡੋਲੀ ਤੁਰਨ ਵੇਲੇ ਵਜਾਇਆ ਜਾਂ ਗਾਇਆ ਜਾਂਦਾ ਹੈ ਤਾਂ ਹਰ ਮਾਂ ਦੀ ਅੱਖ ਭਰ ਆਉਂਦੀ ਹੈ, ਹਰ ਧੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ। ਗੀਤਾਂ ਵਿੱਚ ਲਏ ਗਏ ਵਿਸ਼ੇ ਸਾਡੇ ਆਮ ਜੀਵਨ ਵਿੱਚੋਂ ਲਏ ਗਏ ਹਨ, ਜਿਸ ਕਾਰਨ ਇਹਨਾਂ ਦੀ ਉਮਰ ਲੰਮੀ ਹੋ ਗਈ ਹੈ। ਦੀਪਕ ਜੀ ਨੇ ਆਪਣੇ ਗੀਤਾਂ ਬਾਬਤ ਲਿਖਿਆ ਹੈ, "ਗੀਤ

68/ਦੀਪਕ ਜੈਤੋਈ