ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੀਵਿਸ ਨੇ ਬਿੰਬ ਦੇ ਛੇ ਗੁਣਾਂ ਦਾ ਉਲੇਖ ਕੀਤਾ ਹੈ:

1. ਭਾਵਨਾਵਾਂ ਨੂੰ ਉੱਦੀਪਤ ਕਰਨ (ਉਭਾਰਨ) ਦੀ ਸ਼ਕਤੀ (Evocativensess)

2. ਭਾਵਾਂ ਨੂੰ ਤੀਬਰਤਾ ਨਾਲ ਪ੍ਰਸਤੁਤ ਕਰਨ ਦੀ ਸਮਰਥਾ (Intensity)

3. ਮੌਲਿਕਤਾ ਅਤੇ ਤਾਜ਼ਗੀ (Novelty and Freshness)

4. ਪਰਿਚਿਤਤਾ ਜਾਂ ਜਾਣ-ਪਛਾਣ (Familiarity)

5. ਉਪਜਾਇਕਤਾ ਜਾਂ ਵਿਅੰਜਤਾ (Fertility)

6. ਉਚਿਤਤਾ (Congruity)22

1. ਭਾਵਾਂ ਨੂੰ ਉਭਾਰਨ ਦੀ ਸ਼ਕਤੀ ਦਾ ਹੋਣਾ ਬਿੰਬ ਦਾ ਇੱਕ ਵਿਸ਼ੇਸ਼ ਗੁਣ ਹੈ। ਮਹਾਨ ਕੋਸ਼ ਅਨੁਸਾਰ ਉਦੀਨ ਕਾਵਿ ਦੀ ਦ੍ਰਿਸ਼ਟੀ ਤੋਂ ਉਹ ਵਿਭਾਵ ਹੈ ਜੋ ਰਸ ਨੂੰ ਵਧਾਵੇ, ਜਿਵੇਂ ਸ਼ਿੰਗਾਰ ਰਸ ਨੂੰ ਉਭਾਰਨ ਲਈ ਬਸੰਤ ਰੁਤ, ਕੋਇਲ, ਬਾਗ ਆਦਿ। ਭਾਵ-ਉਦੀਪਤਾ ਲੀਵਿਸ ਅਨੁਸਾਰ ਬਿੰਬ ਦੀ ਇੱਕ ਸ਼ਕਤੀ ਹੈ, ਜਿਸ ਨਾਲ ਕਾਵਿਕ ਜਜ਼ਬਾ ਸਾਡੇ ਅੰਦਰਲੇ ਭਾਵਾਂ ਨੂੰ ਉਤੇਜਿਤ ਕਰਦਾ ਹੈ। ਅਸਲ ਵਿੱਚ ਸਫਲ ਬਿੰਬ ਦੀ ਸਮਰੱਥਾ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਸੁੱਤੀਆਂ ਭਾਵਨਾਵਾਂ ਨੂੰ ਇੱਕ ਦਮ ਜਗਾ ਸਕੇ। ਜਿਵੇਂ ਬਾਬਾ ਫਰੀਦ ਨੇ ਮੌਤ ਦੇ ਭੈ ਦੇ ਭਾਵਾਂ ਨੂੰ ਰੱਬ ਦੇ ਕਾਲ ਰੂਪੀ ਬਾਜ਼ ਦੇ ਰੂਪ ਵਿੱਚ ਉਭਾਰਿਆ ਹੈ:

ਫ਼ਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ।
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ23

2. ਜਿਹੜਾ ਬਿੰਬ ਭਾਵਾਂ ਨੂੰ ਤੀਬਰ ਕਰ ਸਕਦਾ ਹੈ, ਉਹੀ ਸਫਲ ਹੋ ਸਕਦਾ ਹੈ। ਬਹੁਤੇ ਨੂੰ ਥੋੜੇ ਰਾਹੀ ਸੰਗਠਿਤ ਕਰਕੇ ਪ੍ਰਗਟਾਇਆ ਜਾਂਦਾ ਹੈ। ਸੰਖੇਪ ਅਤੇ ਉਤਮ ਸ਼ਬਦਾਂ ਦੀ ਚੋਣ ਕਰਨਾ ਆਵੱਸ਼ਕ ਹੁੰਦਾ ਹੈ। ਆਧੁਨਿਕ ਕਾਲ ਦਾ ਪ੍ਰਮੁੱਖ ਕਵੀ ਮੋਹਨ ਸਿੰਘ ਪੁਰਾਤਨਤਾ ਨੂੰ ਤਿਆਗਣ ਅਤੇ ਨਵੀਨਤਾ ਨੂੰ ਅਪਣਾਉਣ ਲਈ ਬੜੇ ਢੁਕਵੇਂ ਬਿੰਬਾਂ ਰਾਹੀਂ ਭਾਵਾਂ ਨੂੰ ਤੀਖਣਤਾ ਪ੍ਰਦਾਨ ਕਰਦਾ ਹੈ:

ਗਗਨਾਂ ਦੀ ਬੁੱਢੀ ਛੱਤ ਉਤੇ
ਕਦ ਤੀਕ ਚਿੱਤਰਾਂ ਨੂੰ ਵਾਹੇਂਗਾ?
ਆ ਜ਼ੁਲਫ਼ ਸੰਵਾਰੀਏ ਧਰਤ ਦੀ।
ਆ ਗੱਲ ਕਰੀਏ ਕੋਈ ਨੇੜੇ ਦੀ24

3. ਜ਼ਿੰਦਗੀ ਦੀ ਪ੍ਰਮੁੱਖ ਨਿਸ਼ਾਨੀ ਹੈ ਨਵੀਨਤਾ ਜਾਂ ਤਾਜ਼ਗੀ। ਨਿਰੰਤਰ ਬਦਲਣਾ ਅਤੇ ਪੁਰਾਣਿਆਂ ਦੀ ਥਾਵੇਂ ਨਵਿਆਂ ਦਾ ਆਉਣਾ ਕੁਦਰਤ ਦਾ ਬੁਨਿਆਦੀ ਅਸੂਲ ਹੈ। ਇਸੇ ਨਿਯਮ ਦੇ ਚੱਲਦਿਆਂ ਕੁਦਰਤ ਵਿੱਚ ਤਾਜ਼ਗੀ ਬਰਕਰਾਰ ਰਹਿੰਦੀ

82/ਦੀਪਕ ਜੈਤੋਈ