ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗ ਲਾ ਕੇ ਇਹ ਚਮਨ ਹੱਥੀਂ ਨਾ ਸਾੜੋ ਦੋਸਤੋ।70

ਗੀਤਕਾਰ ਵਾਰ-ਵਾਰ ਸਾਨੂੰ ਇਨਸਾਨੀਅਤ ਨਾਲ ਖਿਲਵਾੜ ਨਾ ਕਰਨ ਲਈ ਚੇਤੰਨ ਕਰ ਰਿਹਾ ਹੈ। ਦੀਪਕ ਜੈਤੋਈ ਨੇ ਉਹਨਾਂ ਸਮਾਜਿਕ ਕਦਰਾਂ ਕੀਮਤਾਂ ਨੂੰ ਸਮੇਂ-ਸਮੇਂ 'ਤੇ ਭੰਡਿਆ ਹੈ ਜਿੰਨ੍ਹਾਂ ਨੇ ਸਮਾਜ ਨੂੰ ਹੀ ਖੋਰਾ ਲਾ ਦਿੱਤਾ ਹੈ। ਅਜਿਹੀਆਂ ਕਦਰਾਂ-ਕੀਮਤਾਂ ਦਾ ਕੀ ਫਾਇਦਾ ਜਿਹੜੀਆਂ ਸਮਾਜ ਦਾ ਕਲਿਆਣ ਕਰਨ ਦੀ ਬਜਾਏ ਨਾਸ਼ ਹੀ ਕਰਨ ਲੱਗ ਪੈਣ। ਅਜੋਕੇ ਸਮੇਂ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਝੂਠ ਨੂੰ, ਪ੍ਰਧਾਨਤਾ ਮਿਲ ਰਹੀ ਹੈ ਅਤੇ ਸੱਚ ਦੀ ਕੋਈ ਵੁੱਕਤ ਨਹੀਂ। ਸੱਚਾ ਤੇ ਈਮਾਨਦਾਰ ਵਿਅਕਤੀ ਤਾਂ ਥਾਂ-ਥਾਂ ਧੱਕੇ ਖਾ ਰਿਹਾ ਹੈ, ਬਲਕਿ ਝੂਠੇ ਅਤੇ ਬੇਈਮਾਨ ਦਾ ਹਰ ਪਾਸੇ ਬੋਲਬਾਲਾ ਹੋ ਰਿਹਾ ਹੈ। ਇਸੇ ਬੋਲਬਾਲੇ ਦੇ ਚਲਦਿਆਂ ਹੀ ਅਜਿਹੇ ਲੋਕ ਹੰਕਾਰ ਵਿੱਚ ਆ ਕੇ ਆਪਣੀ ਹੌਂਸ ਜਮਾਉਣ ਲੱਗ ਪੈਂਦੇ ਹਨ। ਮੁਫਤ ਦਾ ਮਾਲ ਖਾ-ਪੀ ਕੇ ਲਲਕਾਰੇ ਮਾਰਦੇ ਫਿਰਦੇ ਹਨ, ਕਿਸੇ ਕਿਸਮ ਦਾ ਕੋਈ ਡਰ ਜਾਂ ਭੈਅ ਨਹੀ ਇਸ ਦੇ ਉਲਟ ਈਮਾਨਦਾਰ ਵਿਅਕਤੀ ਡਰ ਕੇ ਦਿਨ ਕੱਟਦੇ ਹਨ, ਅਜਿਹੇ ਹੀ ਹਾਲਾਤ ਨੂੰ ਦੀਪਕ ਜੈਤੋਈ ਨੇ ਚਿਤਰਦਿਆਂ ਲਿਖਿਆ ਹੈ:

ਚੋਰ ਉਚੱਕੇ ਚੌਧਰੀ ਫਿਰਦੇ ਹੰਕਾਰੇ
ਦਾਰੂ ਪੀ-ਪੀ ਚੰਦਰੇ ਮਾਰਨ ਲਲਕਾਰੇ
ਡਰ ਡਰ ਕੇ ਦਿਨ ਕੱਟਦੇ ਬੰਦੇ ਸਤ-ਸੰਗੀ
ਪਰ, ਜੋ ਤੁਧ ਭਾਵੇ ਮਾਲਕਾ! ਸਾਈ ਗੱਲ ਚੰਗੀ।71

ਉਪਰੋਕਤ ਮੁੱਖੜੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਜੋਕੇ ਸਮੇਂ ਵਿੱਚ ਸਮਾਜ ਦੀ ਹਾਲਤ ਅਤੇ ਹਾਲਾਤ ਕਿਹੋ ਜਿਹੇ ਹੋ ਚੁੱਕੇ ਹਨ। ਆਮ ਇਨਸਾਨ ਤਾਂ ਸਿਰਫ਼ ਸਬਰ ਦਾ ਘੁੱਟ ਭਰ ਕੇ ਸਾਰ ਲੈਂਦਾ ਹੈ ਕਿ ਅੱਜ ਦਾ ਦਿਨ ਲੰਘ ਗਿਆ ਉਨਾਂ ਹੀ ਬਥੇਰਾ ਹੈ।

ਸਮਾਜ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਨੌਜਵਾਨ ਵਰਗ ਬੇਰੁਜ਼ਗਾਰ ਹੈ, ਨੌਕਰੀਆਂ ਦੀ ਤਲਾਸ਼ ਵਿੱਚ ਹਰ ਪਾਸੇ ਹਾਹਾਕਾਰ ਹੈ। ਬੋਲਬਾਲਾ ਉਸੇ ਦਾ ਹੀ ਹੈ ਜਿਸ ਦੇ ਪੱਲੇ ਚਾਰ ਪੈਸੇ ਜਾਂ ਕੋਈ ਚੰਗੀ ਸਿਫਾਰਸ਼ ਹੈ, ਜਿੰਨ੍ਹਾਂ ਕੋਲ ਇਹਨਾਂ 'ਚੋਂ ਕੁਝ ਵੀ ਨਹੀਂ ਉਹਨਾਂ ਲਈ ਨਤੀਜੇ ਬਹੁਤ ਭੈੜੇ ਨਿਕਲਦੇ ਹਨ। ਨਸ਼ਿਆਂ ਕਰਕੇ ਲੱਖਾਂ ਹੀ ਘਰ-ਪਰਿਵਾਰ ਤਬਾਹ ਹੋ ਚੁੱਕੇ ਹਨ ਅਤੇ ਲੱਖਾਂ ਹੀ ਹੋਰ ਹੋ ਰਹੇ ਹਨ। ਲੋੜ ਹੈ ਨੌਜਵਾਨ ਪੀੜ੍ਹੀ ਨੂੰ ਇਸ ਨਰਕ ਤੋਂ ਬਚਾਉਣ ਦੀ। ਪਰਿਵਾਰ ਵਾਲੇ ਬੇਸ਼ਕ ਜੋਰ ਲਾਉਂਦੇ ਹਨ ਪਰ ਉਹਨਾਂ ਦੀ ਪੇਸ਼ ਨਹੀਂ ਚਲਦੀ, ਥੱਕਹਾਰ ਕੇ ਉਹ ਵੀ ਬੈਠ ਜਾਂਦੇ ਹਨ ਤੇ ਨੌਜਵਾਨ ਨਸ਼ਿਆਂ 'ਚ ਬੇ-ਸੁੱਧ ਹੋਏ ਪਤਾ ਹੀ ਨਹੀ ਲੱਗਦਾ ਕਿਧਰੇ ਜਾ ਰਹੇ ਹਨ:

ਮੇਰਾ ਘਰ ਸੁਟਿਆ ਸੂ ਪੱਟ ਵੇ ਤੂੰ ਪੀਣੀ ਛੱਡ ਦੇ,
ਕੀ ਬੋਤਲ 'ਚੋਂ ਲਿਆ ਤੂੰ ਖੱਟ ਵੇ-ਤੂੰ ਪੀਣੀ ਛੱਡ ਦੇ।72

ਘਰਵਾਲੀਆਂ ਬਥੇਰੇ ਤਰਲੇ-ਮਿੰਨਤਾਂ ਕਰਦੀਆਂ ਹਨ, ਪਰ ਪਤੀ 'ਤੇ ਉਹਨਾਂ ਦਾ ਕੋਈ ਵੱਸ ਨਹੀ ਚੱਲਦਾ।

93/ਦੀਪਕ ਜੈਤੋਈ