ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਬੰਧ, ਅਤੇ ਨੌਜਵਾਨ ਦਿਲਾਂ ਦੀਆਂ ਖਾਹਿਸ਼ਾਂ, ਉਮੰਗਾਂ ਅਤੇ ਸੱਧਰਾਂ ਨੂੰ ਸੁਹਜ ਦੇ ਪੱਧਰ 'ਤੇ ਪੇਸ਼ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਆਪ ਦੇ ਗੀਤਾਂ ਵਿੱਚ ਪੰਜਾਬ ਦੇ ਲੋਕ-ਜੀਵਨ ਦਾ ਭਰਪੂਰ ਚਿਤਰਣ ਹੋਇਆ ਹੈ। ਪਿਆਰ-ਭਾਵਨਾਵਾਂ ਤੋਂ ਲੈ ਕੇ ਸਮਾਜਿਕ ਸਮੱਸਿਆਵਾਂ ਬਾਰੇ ਵੀ ਆਪ ਨੇ ਸਾਰਥਕ ਵਿਚਾਰ ਪੇਸ਼ ਕੀਤੇ ਹਨ। 'ਆਹ ਲੈ ਮਾਏਂ ਸਾਂਭ ਕੁੰਜੀਆਂ' ਗੀਤ-ਸੰਗ੍ਰਹਿ ਵਿੱਚ ਪ੍ਰਸਤੁਤ ਹੋਏ ਸਾਰੇ ਗੀਤ ਸਾਹਿਤਕ ਗੀਤਾਂ ਦੇ ਖੇਤਰ ਵਿੱਚ ਹੀ ਅਤਿਅੰਤ ਮੁੱਲਵਾਨ ਨਹੀਂ ਸਗੋਂ ਲੋਕ-ਗੀਤਾਂ ਵਰਗੀ ਮਿਠਾਸ, ਆਨੰਦ ਅਤੇ ਸਦੀਵਤਾ ਇਹਨਾਂ ਗੀਤਾਂ ਵਿੱਚ ਭਰਪੂਰ ਹੈ। ਇਹ ਗੀਤ ਅਜਿਹੇ ਗੀਤ ਹਨ ਜਿਨ੍ਹਾਂ 'ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ।

ਕਿਹਾ ਜਾ ਸਕਦਾ ਹੈ ਕਿ ਜਨਾਬ ਦੀਪਕ ਜੈਤੋਈ ਨੇ ਪੰਜਾਬੀ ਗੀਤ-ਕਾਵਿ ਪਰੰਪਰਾ ਨੂੰ ਇੱਕ ਨਵਾਂ ਵਿਸਤਾਰ ਦਿੱਤਾ। ਪੰਜਾਬੀ ਸਮਾਜ ਅਤੇ ਸਭਿਆਚਾਰ ਵਿੱਚ ਪ੍ਰਚੱਲਿਤ ਦਮਨਕਾਰੀ ਵਿਵਹਾਰ ਨੂੰ ਆਪਣੇ ਗੀਤਾਂ ਦੀ ਵਸਤੂ-ਸਮੱਗਰੀ ਬਣਾ ਕੇ ਉਸ ਵਿਰੁੱਧ ਆਪਣੀ ਆਵਾਜ਼ ਨੂੰ ਪਕੇਰਾ ਕੀਤਾ ਅਤੇ ਪ੍ਰਧਾਨ ਸਮਾਜ ਦੇ ਵਿਰੁੱਧ ਵਿੱਚ ਡਟੇ। ਆਪ ਨੇ ਹਮੇਸ਼ਾਂ ਹੀ ਸਾਫ-ਸੁਥਰੇ ਪਰਿਵਾਰਕ ਗੀਤਾਂ ਦੀ ਸਿਰਜਣਾ ਕੀਤੀ। ਹਲਕੀ ਸ਼ਬਦਾਵਲੀ ਅਤੇ ਅਸ਼ਲੀਲਤਾ ਦੇ ਖਿਲਾਫ਼ ਆਪ ਹਮੇਸ਼ਾਂ ਹੀ ਡਟੇ ਰਹੇ। ਆਪ ਨੇ ਕਦੇ ਵੀ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ। ਪੈਸੇ ਅਤੇ ਸ਼ੋਹਰਤ ਦੀ ਖ਼ਾਤਰ ਆਪਣੀ ਕਲਮ ਨੂੰ ਅਸ਼ਲੀਲਤਾ ਦੀ ਹੱਦ ਪਾਰ ਕਰਵਾ ਕੇ ਲੱਚਰਤਾ ਦੇ ਬੂਹੇ ਖੜ੍ਹਨ ਨਹੀਂ ਦਿੱਤਾ। ਇਸੇ ਕਰਕੇ ਆਪ ਦੇ ਗੀਤ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਬਣ ਗਏ। ਅੱਜ ਵੀ ਜਨਾਬ ਦੀਪਕ ਜੈਤੋਈ ਦੇ ਗੀਤ ਜਿਉਂਦੇ ਜਾਗਦੇ ਹਨ ਅਤੇ ਸਦੀਆਂ ਤੱਕ ਜਿਉਂਦੇ ਰਹਿਣਗੇ।

97/ਦੀਪਕ ਜੈਤੋਈ