ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/149

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੩੫)

ਬੇਦਾਰ-ਜਾਗਦਾ ਹੈ।

ਅਰਥ–ਹੇ ਨੰਦ ਲਾਲ! ਅੰਮ੍ਰਿਤ ਵੇਲੇ ਅਚਰਜ ਤਮਾਸ਼ਾ ਬਣਿਆ ਹੈ। ਸਾਰਾ ਸੰਸਾਰ ਸੁਤਾ ਪਿਆ ਹੈ ਅਤੇ ਦੀਵਾ ਜਾਗਦਾ ਹੈ।

ਪੰਜਾਬੀ ਉਲਥਾ–

ਤੇਰੇ ਮੁਖ ਦੇ ਚਾਨਣ ਤੋਂ ਹੀ ਦੀਵੇ ਚਾਣਨ ਪਾਇਆ ਹੈ।
ਮੋਤੀ ਹੰਝੂ ਹਾਰ ਪ੍ਰੋ ਕੇ ਦੀਵਾ ਤੇਰੀ ਭੇਟ ਲਿਆਯਾ ਹੈ।
ਜਿਥੇ ਕਿਥੇ ਭੀ ਦੀਵਾ ਬਲਕੇ, ਜਗ ਵਿਚ ਕਰਦਾ ਚਾਣਨ ਨੂੰ,
ਦੀਵੇ ਦੀ ਫੁਲਵਾੜੀ ਵਿਚ ਇਕ ਫੁਲ ਮਾਨੋ ਆਯਾ ਹੈ।
ਮੁਖ ਤੇਰੇ ਦਾ ਚਾਣਨ ਹੋਵੇ, ਇਹ ਵਿਚਾਰ ਦਿਲ ਆਪਣੇ ਕਰ,
ਹੁੰਦਾ ਹੈ ਕੁਰਬਾਨ ਤੇਰੇ ਤੋਂ, ਜੁ ਜਗ ਚਾਣਨ ਲਿਆਯਾ ਹੈ।
ਤੇਰੇ ਸੁੰਦਰ ਮੁਖ ਦੇ ਉਤੋਂ, ਸਦਕੇ ਜਾਨ ਕਰੇ ਆਪਣੀ,
ਰੋਣ ਵਾਲੀਆਂ ਅੱਖਾਂ ਨੂੰ ਭੀ, ਦੀਵਾ ਵਾਰਨ ਆਯਾ ਹੈ।
ਕਿਉਂ ਤੂੰ ਅੱਜ ਰਾਤੀ ਨਹੀਂ ਆਯਾ, ਰਿਹਾ ਵਿਚ ਉਡੀਕ ਤੇਰੀ,
ਸੜ ਸੜ ਕੇ ਮਜਲਸ ਸੰਗ ਦੀਵੇ, ਅਪਣਾ ਰੂਪ ਗੁਆਇਆ ਹੈ।
ਅੰਮ੍ਰਿਤ ਵੇਲੇ ਅਜਬ ਤਮਾਸ਼ਾ, ਨੰਦ ਲਾਲ ਨੇ ਡਿਠਾ ਏਹ,
ਸੁਖ ਦੀ ਨੀਦੇ ਸਭ ਜਗ ਸੁਤਾ, ਦੀਵਾ ਰਾਤ ਜਗਾਇਆ ਹੈ।

ਗ਼ਜ਼ਲ ਨੰ: ੪੬

ਸਾਕੀਆ ਬਰ ਖੇਜ਼ ਹਾਂ ਪੁਰ ਕੁਨ ਅਯਾਗ॥
ਤਾ ਜ਼ਿ ਨੋਸ਼ੇ ਊ ਕੁਨਮ ਰੰਗੀਂ ਦਿਮਾਗ਼॥

ਸਾਕੀਆ-ਹੇ ਸਾਕੀ (ਸ਼ਰਾਬ ਪਿਆਉਣ ਵਾਲੇ ਦਾ ਨਾਮ ਸਾਕੀ ਹੈ, ਪਰ ਇਥੇ ਸਾਕੀ ਤੋਂ ਮਤਲਬ ਗਿਆਨ ਬਖਸ਼ਨ ਵਾਲਾ ਸਤਿਗੁਰੂ ਹੈ)। ਬਰਖੇਜ਼-ਉਠ। ਪੁਰ ਕੁਨ-ਭਰ ਦੇਹ। ਅਯਾਗ਼-ਪਿਆਲਾ। ਨੋਸ਼-ਪੀ ਲਵਾਂ। ਕੁਨਮ-ਕਰ ਲਵਾਂ ਮੈਂ। ਰੰਗੀਂ-ਰੰਗ ਵਾਲਾ, ਲਾਲੋ ਲਾਲ।