ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਭਾਵਾਰਥ—ਇਹ ਪਹਿਲੀ ਗ਼ਜ਼ਲ ਵਸਤੂ ਨਿਰਦੇਸ਼ ਮੰਗਲ ਰੂਪ ਕਥ ਕੀਤੀ ਹੈ—

'ਤੇਰੇ ਭਜਨ ਦੀ ਸਿੱਕ ਮੈਨੂੰ ਦੇਹ ਵਿਚ ਲਿਆਈ ਹੈ, ਨਹੀਂ ਤਾਂ ਮੈਨੂੰ ਇਥੇ ਆਉਣ ਦੀ ਕੋਈ ਲੋੜ ਨਹੀਂ ਸੀ।' ਪ੍ਰਾਣੀ! ਆਇਓ ਲਾਹਾ ਲੈਣ।' ਅਤੇ 'ਭਈ ਪ੍ਰਾਪਤ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਏਹ ਤੇਰੀ ਬਰੀਆ॥’ ਦਾ ਹੀ ਸਿਧਾਂਤ ਹੈ, ਅਤੇ-

'ਗੁਰ ਸੇਵਾ ਤੇ ਭਗਤ ਕਮਾਈ॥ ਤਬ ਏਹ ਮਾਨੁਖ ਦੇਹੀ ਪਾਈ॥' ਜੇ ਗੁਰੂ ਦੀ ਸੇਵਾ ਤੇ ਭਗਤੀ ਕੀਤੀ ਜਾਵੇ, ਤਦ ਤੇ ਮਨੁਖ ਦੇਹ ਪਾਈ ਹੈ, ਅਤੇ ਜੇ ਇਹ ਦੋਵੇਂ ਕੰਮ ਨਹੀਂ ਕੀਤੇ ਜਾਂਦੇ—ਤਦ 'ਪਸੂ, ਮਾਨੁਸ ਲਪਟੇ' ਹੋਏ ਹਨ, ਕਿਉਂਕਿ 'ਕਰਤੂਤ ਪਸੂ ਕੀ ਮਾਨਸ ਜਾਤਿ' ਹੈ।

(੨)'ਸਾਈ ਘੜੀ ਸੁਲਖਣੀ ਸਹੁ ਨਾਲ ਵਿਹਾਵੈ॥' ਦੇ ਭਾਵ ਨੂੰ ਦੂਜੇ ਬੰਦ ਵਿਚ ਕਥਨ ਕੀਤਾ ਹੈ, ਸਿਮਰਨ ਤੋਂ ਬਿਨਾਂ ਇਸ ਜਗਤ ਵਿਚ ਜੀਵਤ ਦਾ ਕੋਈ ਲਾਭ ਨਹੀਂ,ਅਗੇ ਤੀਜੇ ਬੰਦ ਵਿਚ

(੩)'ਜੋ ਜੀਵਿਆ ਜਿਸ ਮਨਿ ਵਸਿਆ ਸੋਇ॥ ਨਾਨਕ ਅਵਰ ਨ ਜੀਵੈ ਕੋਇ॥ ਜੇ ਜੀਵੈ ਪਤਿ ਲਥੀ ਜਾਇ॥ ਸਭ ਹਰਾਮ ਜੇਤਾ ਕਿਛੁ ਖਾਇ॥' ਦਾ ਹੀ ਸਾਰ ਕਥਨ ਕੀਤਾ ਹੈ।

(੪)'ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥' ਦਾ ਵਰਣਨ ਕੀਤਾ ਹੈ।

(੫)'ਬਹੁਤ ਜਨਮ ਬਿਛਰੇ ਥੇ ਮਾਧਉ ਏਹ ਜਨਮ ਤੁਮਾਰੇ ਲੇਖੈ॥ ਕਹਿ ਰਵਿਦਾਸ ਆਸ ਲਗ ਜੀਵਉ ਚਿਰ ਭਇਓ ਦਰਸਨ ਦੇਖੈ॥'