ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩)

ਅਰਥ-ਮੈਂ ਦੂਜੇ ਨੂੰ ਕਿਥੋਂ ਲਿਆਵਾਂ? ਜਦ ਕਿ) ਜਗਤ ਵਿਚ ਰੌਲਾ-ਗੌਲਾ ਇਕੋ ਨੇ ਹੀ ਸੁਣਿਆ ਹੋਇਆ ਹੈ। ਭਾਵ— ਆਪੇ ਪਟੀ ਕਲਮ ਆਪਿ ਉਪਰਿ ਲੇਖ ਭੀ ਤੂੰ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੁ। ਦਾ ਹੀ ਸਿਧਾਂਤ ਹੈ।

ਹਰਫ਼ ਗੈਰ ਅਜ਼ ਹੱਕ ਨਿ ਆਰਦ ਹੇਚਗਾਹ॥
ਬਰ ਲਬੇ ਗੋਯਾ ਕਿ ਹੱਕ ਬਖਸਿੰਦਹ ਅਸ੍ਤ॥

ਹਰਫ਼ -ਅੱਖਰ, ਗੱਲ। ਗੈਰ-ਹੋਰ, ਦੁਜੀ। ਅਜ਼ ਹੱਕ-ਵਾਹਿਗੁਰੂ ਤੋਂ। ਨਿ ਆਰਦ —ਨਹੀਂ ਆਉਂਦੀ। ਹੇਚਗਾਹ -ਕਦੇ ਭੀ। ਬਰ ਲਬੇ-ਜੀਭ ਦੇ ਉਤੇ, ਜ਼ਬਾਨ ਉਤੇ। ਗੋਯਾ—ਨੰਦ ਲਾਲ।

ਅਰਥ—ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਅੱਖਰ ਨਹੀਂ ਆਉਂਦਾ ਕਦੇ ਭੀ—ਨੰਦ ਲਾਲ ਦੀ ਜੀਭ ਉਤੇ, (ਕਿਉਂ) ਜੋ ਵਾਹਿਗੁਰੂ ਬਖਸ਼ਨਹਾਰ ਹੈ।

ਪੰਜਾਬੀ ਉਲਥਾ———

ਸੁੰਦਰ ਮੁਖੜੇ ਦੇਖ ਤੇਰੇ ਨੂੰ ਦੀਨ ਪਿਆ ਸ਼ਰਮਾਵੇ।
ਜੱਗ ਨੂੰ ਰੋਸ਼ਨ ਕਰਨੇ ਵਾਲਾ, ਸੂਰਜ ਭੀ ਗ਼ਮ ਖਾਵੇ।
ਅੱਖ ਮੇਰੀ ਨੂੰ ਹਰਗਿਜ਼ ਹਰਗਿਜ਼ ਵਾਹਿਗੁਰੂ ਬਿਨ ਦਿਸਦਾ ਨਾ,
ਭਾਗਾਂ ਵਾਲੀ ਅੱਖ ਭੀ ਓਹੀ, ਜਿਸ ਰੱਬ ਨਜਰੀਂ ਆਵੇ॥
ਮੈਂ ਨਾ ਕਦੇ ਭੀ ਮਾਨ ਕਰੇਂਦਾ, ਭਗਤੀ ਭਜਨ ਦਿਖਾਵੇ ਦਾ,
ਜੇਕਰ ਮੈਂ ਹਾਂ ਔਗੁਨਹਾਰਾ, ਰੱਬ ਬਖਸ਼ਨਹਾਰ ਕਹਾਵੇ।
ਦੂਜਾ ਹੋਰ ਨਾ ਕੋਈ ਹੋਯਾ ਕਿਥੋਂ ਜਾ ਮੈਂ ਲਿਆਵਾਂ,
ਜਦ ਕਿ ਸਾਰੇ ਜਗ ਦੇ ਅੰਦਰ, ਇਕੋ ਹੀ ਸ਼ੋਰ ਮਚਾਵੇ।
ਵਾਹਿਗੁਰੂ ਨਾਮ ਬਿਨ ਹੋਰ ਅੱਖਰ ਆਵੇ ਕਦੇ ਸੁ ਯਾਦ ਨਹੀਂ,
ਨੰਦ ਲਾਲ ਦੀ ਜੀਭਾ ਉਤੇ, ਰੱਬ ਬਖਸ਼ਨਹਾਰ ਵਸਾਵੇ॥੯॥