(੪੭)
ਖੁਸ਼ ਨਮੇ ਆਯਦ ਮਰਾ ਗਾਹੇ ਬਗ਼ੈਰ ਅਜ਼ ਯਾਦਿ ਹੱਕ॥
ਤਾ ਹਦੀਸੇ ਇਸ਼ਕੇ ਓ ਅੰਦਰ ਦਿਲਮ ਮਾਵਾ ਗਰਿਫ਼ਤ॥
ਖੁਸ਼ – ਚੰਗੀ। ਨਮੇ ਆਯਦ – ਨਹੀਂ ਲੱਗਦੀ। ਮਰਾ – ਮੈਨੂੰ। ਗਾਹੇ – ਕੋਈ ਭੀ। ਬਗ਼ੈਰ – ਬਿਨਾਂ। ਅਜ਼ – ਤੋਂ। ਯਾਦਿ – ਸਿਮਰਨ। ਹੱਕ – ਵਾਹਿਗੁਰੂ। ਤਾ – ਜਦ ਤੋਂ। ਹਦੀਸੇ – ਕਥਾ ਨੇ। ਇਸ਼ਕੇ – ਪ੍ਰੇਮ ਦੀ। ਓ – ਉਸ। ਅੰਦਰ ਦਿਲਮ – ਵਿਚ ਦਿਲ ਮੇਰੇ। ਮਾਵਾ – ਜਗ੍ਹਾ, ਥਾਂ।
ਅਰਥ–(ਤਦ ਤੋਂ) ਚੰਗੀ ਨਹੀਂ ਲੱਗਦੀ, ਮੈਨੂੰ ਕੋਈ ਭੀ (ਚੀਜ਼) ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ। ਜਦ ਤੋਂ ਉਸਦੇ ਪ੍ਰੇਮ ਦੀ ਕਥਾ ਨੇ ਮੇਰੇ ਦਿਲ ਅੰਦਰ ਜਗ੍ਹਾ ਫੜੀ ਹੈ।
ਤਾ ਬਿਆਈ ਯਕ ਨਫ਼ਸ ਬਹਿਰੇ ਨਿਸਾਰੇ ਖਿਦਮਤਤ
ਚਸ਼ਮੇ ਗੌਹਰ ਬਾਰਿ ਮਾ ਖੁਸ਼ ਲੁਲੂ ਏ ਲਾਲਾ ਗਰਿਫ਼ਤ
ਤਾ – ਜ਼ਦ ਤਕ। ਬਿਆਈ – ਆਵੇਂ। ਨਫ਼ਸ – ਸ੍ਵਾਸ। ਬਹਿਰੇ – ਵਾਸਤੇ। ਨਿਸ਼ਾਰੇ – ਵਾਰਨੇ, ਸਦਕੇ, ਕੁਰਬਾਨ। ਖਿਦਮਤ – ਸੇਵਾ। ਤ – ਤੇਰੀ। ਚਸ਼ਮੇ – ਅੱਖ। ਗੌਹਰ ਬਾਰਿ – ਮੋਤੀ ਬਰਸਾਉਨ ਵਾਲੀ, (ਭਾਗ-ਵੈਰਾਗ ਨਾਲ ਰੋਣ ਵਾਲੀ)। ਮਾ – ਮੇਰੀ। ਖੁਸ਼ – ਚੰਗੇ। ਲੁਲੂ – ਮੋਤੀ। ਲਾਲਾ – ਲਾਲ ਰੰਗ ਵਾਲੇ।
ਅਰਥ–ਜਦ ਤਕ ਇਕ ਸ੍ਵਾਸ ਭੀ ਆਉਂਦਾ ਹੈ, ਤੇਰੀ ਸੇਵਾ ਵਾਸਤੇ ਕੁਰਬਾਨ ਕਰਦਾ ਹਾਂ। ਮੋਤੀਆਂ ਦੀ ਬਾਰਸ ਕਰਨ ਵਾਲੀ ਮੇਰੀ ਅੱਖ ਨੇ ਲਾਲ ਰੰਗ ਦੇ ਚੰਗੇ ਮੋਤੀ ਫੜੇ ਹਨ।
ਭਾਵ–ਜੀਵਨ ਦੇ ਅੰਤਲੇ ਸ੍ਵਾਸ ਤਕ ਭੀ ਪ੍ਰੀਤਮ ਦੇ ਦਰਸ਼ਨ ਤੋਂ ਸਦਕੇ ਹਾਂ, ਪਰ ਇਸਦੇ ਭੇਦ ਨੂੰ ਉਸੇ ਅੱਖ ਨੇ ਪਛਾਤਾ ਹੈ, ਜਿਸ ਤੋਂ 'ਨੀਰ ਵਹੇ ਵਹਿ ਚਲੈ ਜੀਉ' ਹੁੰਦਾ ਹੈ, ਅਤੇ ਇਸਦੇ ਅਕੈਹ ਸ੍ਵਾਦ ਨੂੰ ਓਹੀ ਮਾਣਦੀ ਹੈ।