(੪੯)
ਜੁਲਫ਼ ਕਾਲੀ ਦੇ ਘੇਰੇ ਵਿਚੋਂ ਕੋਈ ਬਾਹਰ ਹੋਵੇ ਨਾ,
ਆਖ਼ਿਰ ਮੇਰੇ ਮਨ ਨੇ ਭੀ ਹੈ, ਏਹੋ ਪਦਾਰਥ ਪਾ ਲਿਆ।
ਤੁਰਦੇ ਫਿਰਦੇ ਸਰੂ ਮੀਤ ਬਿਨ, ਹੋਰ ਨਜ਼ਰ ਕੁਝ ਆਵੇ ਨਾ,
ਜਦ ਤੋਂ ਮਿਰੀਆਂ ਅੱਖਾਂ ਅੰਦਰ ਡੇਰਾ ਮੀਤ ਨੇ ਪਾ ਲਿਆ।
ਰੌਲਾ ਊਠਨਿ ਲੇਲਾਂ ਦੀ ਨੇ, ਪਾਯਾ ਕੰਨੀਂ ਸੁਣਿਆ ਜਦ,
ਮਜਨੂੰ ਮਨ ਮਤਵਾਲਾ ਹੋਕੇ, ਜੰਗਲ ਦਾ ਰਾਹ ਪਾ ਲਿਆ।
ਵਾਹਿਗੁਰੂ ਦੇ ਸਿਮਰਨ ਬਾਝੋਂ, ਹੋਰ ਨ ਚੰਗਾ ਲਗਦਾ ਕੁਝ,
ਜਦ ਮਾਹੀ ਦੀ ਪ੍ਰੇਮ ਕਥਾ ਨੇ, ਦਿਲ ਅੰਦਰ ਥਾਉਂ ਪਾ ਲਿਆ।
ਜੇ ਇਕ ਛਿਨ ਭੀ ਹਿਰਦੇ ਆਵੋ, ਭੇਟ ਕਰਨ ਨੂੰ ਦਾਸੀ ਨੇ,
ਹੰਝੂ ਮੋਤੀ ਲਾਲ ਪਿਆਰਾ, ਪਲਕ ਨੈਨਾਂ ਵਿਚ ਪਾ ਲਿਆ।
ਨੈਣਾਂ ਰਾਹੀਂ ਨੀਰ ਰੂਪ ਹੋ, ਜਿੰਦ ਹੀ ਵਗਦੀ ਜਾਂਦੀ ਏ,
ਸਮਾ ਆਵਣ ਦਾ ਸੇਜਾ ਉਤੇ, ਇਕਰਾਰ ਕੱਲ ਦਾ ਪਾ ਲਿਆ।
ਵਾਹਿਗੁਰੂ ਦੀ ਉਪਮਾ ਬਾਝੋਂ ਜੀਭ ਹੋਰ ਨਾਂ ਬੋਲੇ ਕੁਝ,
ਨੰਦ ਲਾਲ ਨੇ ਇਸ ਉਮਰ ਦਾ, ਏਹੋ ਨਫਾ ਹੈ ਪਾ ਲਿਆ।
ਗਜ਼ਲ ਨੰ: ੧੪
ਦਿਲਿ ਮਨ ਦਰ ਫ਼ਿਰਾਕਿ ਯਾਰ ਬਿਸੋਖ੍ਤ॥
ਜਾਨਿ ਮਨ ਬਹਰਿ ਆਂ ਨਿਗਾਰਿ ਬਿਸੋਖ੍ਤ॥
ਦਿਲਿ ਮਨ – ਮੇਰਾ ਦਿਲ। ਦਰ – ਵਿਛੋੜਾ। ਫ਼ਿਰਾਕਿ – ਵਿਛੋੜੇ ਦੇ। ਬਿਸ਼ੋਖਤ – ਸੜ ਗਿਆ। ਬਹਰਿ – ਵਾਸਤੇ। ਆਂ – ਉਸ। ਨਿਗਾਰਿ – ਸੋਹਣੇ ਦੇ।
ਅਰਥ–ਮੇਰਾ ਦਿਲ ਭੀ, ਯਾਰ ਦੇ ਵਿਛੋੜੇ ਵਿਚ ਸੜ ਗਿਆ ਹੈ। ਜਿੰਦ ਮੇਰੀ ਭੀ, ਉਸ ਸੋਹਣੇ ਵਾਸਤੇ ਸੜ ਗਈ।