ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੬)

ਪੰਜਾਬੀ ਉਲਥਾ———

ਇਕੋ ਜਾਮ ਨਕੋ ਨਕ ਭਰਿਆ ਜਿਉਂ ਅਮਲੀ ਨੂੰ ਲੋੜ ਏਹੋ।
ਠੰਢੇ-ਮਿਠੇ-ਪਾਣੀ ਸੰਦੀ, ਜਿਉਂ ਪਿਆਸੇ ਨੂੰ ਲੋੜ ਏਹੋ।
ਗੁਰ ਸਿੱਖੀ ਦੀ ਸੰਗਤ ਸੁੱਚੀ, ਦਿਲ ਨੂੰ ਚਾਣਨ ਕਰਦੀ ਜੋ,
ਉਸ ਬਿਨ ਹੋਰ ਨਾ ਕੁਝ ਹੀ ਮੰਗਦੇ, ਇਕ ਅਸਾਨੂੰ ਲੋੜ ਏਹੋ।
ਇਕ ਮੁਸਕਾਹਟ ਨਾਲ ਜਗਤ ਦਾ, ਖੁਸ਼ੀਆਂ ਬਾਗ ਖਿੜਾਯਾ ਜੇ,
ਜਿਸ-ਕਿਸ ਉਸ ਦਾ ਦਰਸ਼ਨ ਕੀਤਾ, ਉਸ ਨੂੰ ਭਾਵੇਂ ਲੋੜ ਏਹੋ।
ਇਕੋ ਨਜ਼ਰ ਮੇਹਰ ਦੀ ਤੇਰੀ, ਦਿਲ ਮੇਰੇ ਨੂੰ ਖੱਸਦੀ ਏ,
ਫਿਰ ਭੀ ਮੈਨੂੰ ਮੇਰੇ ਪ੍ਰੀਤਮ! ਹਰ ਦਮ ਰਹਿੰਦੀ ਲੋੜ ਏਹੋ।
ਹੇ ਸਤਿਗੁਰ ਜੀ! ਦੋਹੁੰ ਲੋਕਾਂ ਵਿਚ, ਤੈਥੋਂ ਬਿਨਾ ਕੋਈ ਹੋਰ ਨਹੀਂ,
ਨੰਦ ਲਾਲ ਦਿਲ ਵਿਚ ਹੈ ਰਖਦਾ, ਲੋਕ-ਪ੍ਰਲੋਕ ਦੀ ਲੋੜ ਏਹੋ।

ਗ਼ਜ਼ਲ ਨੰ: ੧੭

ਐ ਜੁਲਫ਼ਿ ਅੰਬਰੀਨ ਤੋ ਗੋਯਾ ਨਕਾਬ ਸ਼ੁਬਹ॥
ਪਿਨਹ ਚੁ ਜ਼ੇਰਿ ਅਬਰਿ ਸਯਾਹ ਆਫ਼ਤਾਬਿ ਸੁਬਹ॥

ਅੰਬਰੀਨ-*[1]ਅੰਬਰ ਜੇਹੀ ਸੁਗੰਧੀ ਵਾਲੀ। ਨਕਾਬ-ਪੜਦਾ, ਮੂੰਹ ਉਪਰਲਾ ਪੜਦਾ, ਘੁੰਡ। ਪਿਨਹ-ਲੁਕਿਆ ਹੋਇਆ। ਜ਼ੇਰੇ-ਹੇਠਾਂ। ਅਬਰੇ-ਬੱਦਲ। ਸਯਾਹ-ਕਾਲਾ । ਆਫ਼ਤਾਬਿ-ਸੂਰਜ। ਸੁਬਹ-ਸਵੇਰ ਦਾ। ਗੋਯਾ - ਮਾਨੋ।


  1. *ਅੰਬਰ ਵੇਲ ਨਾਮ ਦੀ ਮੱਛੀ ਦਾ ਪਿੱਤਾ ਹੀ ‘ਅੰਬਰ' ਨਾਮ ਦੀ ਸੁਗੰਧੀ ਹੁੰਦੀ ਹੈ, ਇਸੇ ਨੂੰ ਮੁਸਕੰਬਰ ਕਹਿੰਦੇ ਹਨ, ਪਰ ਕਈਆਂ ਦਾ ਖ਼ਿਆਲ ਹੈ, ਬਾਘੜ ਬਿੱਲਾ ਨਾਮ ਦੀ ਇਕ ਬਿਲੀ ਹੁੰਦੀ ਹੈ, ਜੋ ਅਕਸਰ ਬਿਲੀ ਲੋਟਨ ਜਾਂ ਛੈਲ ਛਲੀਰਾ ਨਾਮ ਦੀ ਬੁਟੀ ਖਾਂਦੀ ਹੈ, ਉਸਦਾ ਵਿਸ਼ਟਾ ਮੁਸਕੰਬਰ ਹੁੰਦਾ ਹੈ, ਪਰ ਕਈ ਕਹਿੰਦੇ ਹਨ, ਉਸ ਬਿਲੀ ਦਾ ਪਿੱਤਾ ਹੁੰਦਾ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਹੈ- “ਮੁਸ਼ਕ ਬਿਲਾਈ ਗਾਂਡੀ ਸਾਖਾ'।