ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/76

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਪੰਜਾਬੀ ਉਲਥਾ–

ਮਸਤੋ! ਉਠਕੇ ਸੁਰਤ ਸੰਭਾਲੋ, ਰੁਤ ਬਸੰਤ ਹੁਣ ਆਈ ਏ।
ਰੁੱਤ ਆਈ ਤੇ ਮਿੱਤ੍ਰ ਆਯਾ, ਦਿਲ ਨੂੰ ਧੀਰਜ ਆਈ ਏ।
ਅੱਖ ਮੇਰੀ ਧੀਰੀ ਦੇ ਅੰਦਰ, ਸ਼ਕਲ-ਸੱਜਨ ਦੀ ਵਸ ਗਈ,
ਜਿਸ ਵੱਲ ਨਜ਼ਰ ਮੇਰੀ ਹੋ ਜਾਂਦੀ, ਸੂਰਤ ਯਾਰ ਦਿਸਾਈ ਏ।
ਜਿਸ ਪਾਸੇ ਵੱਲ ਖਿੱੜ ਜਾਂਦਾ, ਮਗਰ ਨਜ਼ਰ ਮੇਰੀ ਜਾਵੇ,
ਜੇ ਰੋਕਾਂ ਤਾਂ ਰੁਕਦੀ ਨਾਹੀਂ, ਪੇਸ਼ ਨਾ ਜਾਂਦੀ ਕਾਈ ਏ।
ਆਸਵੰਦ ਜੋ ਮਿੱਤ੍ਰ ਪਿਆਰੇ, ਖਬਰ ਉਨ੍ਹਾਂ ਅੱਜ ਕਰ ਦੇਣੀ,
'ਅਨਲਹੱਕ' ਦਾ ਹੋਕਾ ਦੇਕੇ, ਸੂਲੀ ਜਾਂ ਟੰਗਾਈ ਏ।
ਕਰ ਦਿਓ ਖਬਰ ਸਭ ਫੁੱਲਾਂ ਤਾਈਂ ਉਹ ਸਾਰੇ ਹੀ ਖਿੜ ਜਾਵਣ,
ਵੇਖਣ ਚਾਉ ਦਿਲੇ ਵਿਚ ਲੈ ਮਿਠ-ਬੋਲੀ ਬੁਲਬੁਲ ਆਈ ਏ।
ਕੁੰਡਲ ਦਾਰ ਜੁਲਫ਼ ਜੋ ਤੇਰੀ, ਨੰਦ ਓਸਦਾ ਧਰਦਾ ਧਯਾਨ,
ਇਸੇ ਸਬਬ, ਜੋ ਨਾਲ ਸ਼ੌਕ ਦੇ ਬੇਕਰਾਰ ਦਿਲ ਆਈ ਏ।

ਗਜ਼ਲ ਨੰ: ੧੯

ਤਬੀਬੇ ਆਸ਼ਕੇ ਬੇ ਦਰਦ ਰਾ ਦਵਾ ਚਿ ਕੁਨਦ॥
ਤੁਰਾ ਕਿ ਪਾਏ ਬਵਦ ਲੰਗ ਰਹਿਨੁਮਾ ਚਿ ਕੁਨਦ॥

ਤਬੀਬੇ–ਹਕੀਮ। ਆਸ਼ਕੇ–ਆਸ਼ਕ ਨੂੰ, ਪ੍ਰੇਮੀ ਨੂੰ। ਬੇਦਰਦ–ਕਠੋਰ ਚਿੱਤ, ਪੀੜ ਤੋਂ ਹੀਣਾ। ਚਿ ਕੁਨਦ–ਕੀ ਕਰਦੀ ਹੈ। ਤੁਰਾ–ਤੇਰੇ। ਕਿ–ਜੋ। ਪਾਏ–ਪੈਰ। ਬਵਦ ਹੋਵਨ। ਲੰਗ–ਲੰਗੜਾ, “ਪਾਏ ਲੰਗ` ਦਾ ਮਤਲਬ ਹੈ ਕਿ ਪੈਰ ਟੁੱਟੇ ਹੋਣ, ਪੈਰਾਂ ਨਾਲ ਤੁਰਨ ਦੀ ਤਾਕਤ ਨਾਂ ਹੋਵੇ। ਰਹਿਨੁਮਾ–ਰਾਹ ਵਿਖਾਉਨ ਵਾਲਾ, ਆਗੂ, ਪੇਸ਼ਵਾ।

ਅਰਥ-ਹੇ ਵੈਦ! ਬੇ ਦਰਦ ਆਸ਼ਕ ਨੂੰ ਦਵਾਈ ਕੀ ਕਰ ਸਕਦੀ ਹੈ? ਤੇਰੇ ਜੇ ਪੈਰ ਲੰਗੜੇ ਹੋਣ (ਤਾਂ) ਰਾਹ ਵਿਖਾਉਨ ਵਾਲਾ ਕੀ ਕਰੇ?