ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/104

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਗਭਰੂ ਕੁਰਸੀ ਤੇ ਬੈਠਾ ਹੋਇਆ ਸੀ ਅਤੇ ਉਸ ਨੇ ਲੱਤਾਂ ਮੇਜ਼ ਉੱਤੇ ਰਖੀਆਂ ਹੋਈਆਂ ਸਨ। ਇਕ ਧੁਖਦੀ ਹੋਈ ਸਿਗਰਟ ਉਸ ਦੀਆਂ ਉਂਗਲੀਆਂ ਵਿਚ ਫੜੀ ਹੋਈ ਸੀ। ਉਹ ਸਾਮ੍ਹਣੀ ਕੰਧ ਤੇ ਪਤਾ ਨਹੀਂ ਕੀ, ਇਕੋ ਟਕ ਤੱਕੀ ਜਾ ਰਿਹਾ ਸੀ। ਉਸ ਦੀਆਂ ਕਾਲੀਆਂ ਅੱਖਾਂ ਕਿਧਰੇ ਦੂਰ ਭਟਕ ਰਹੀਆਂ ਜਾਪਦੀਆਂ ਸਨ। ਉਹ ਮੈਨੂੰ ਫ਼ਿਲਾਸਫ਼ਰ ਜਿਹਾ ਮਲੂਮ ਹੋਣ ਲਗਾ। ਖਵਰੇ ਕਿੰਨਾ ਚਿਰ ਹੋਰ ਮੈਂ ਖਿੜਕੀ ਵਿਚੋਂ ਉਸ ਵਲ ਵੇਖੀ ਜਾਂਦਾ, ਜੇ ਮੇਰਾ ਕਲਾਕ ਨੌਂ ਖੜਕਾ ਕੇ ਇਹ ਸੂਚਨਾ ਨਾ ਦੇਂਦਾ ਕਿ ਹਾਲੇ ਕਪੜੇ ਬਦਲ ਕੇ ਰੋਟੀ ਖਾਣੀ ਹੈ ਅਤੇ ਦਸ ਵਜੇ ਤਕ ਕੰਮ ਤੇ ਪਹੁੰਚਣਾ ਹੈ।

....ਤੇ ਫਿਰ ਪੌਣੇ ਦਸ ਕੁ ਵਜੇ ਜਦ ਮੈਂ ਕੰਮ ਤੇ ਜਾਣ ਲਈ ਹੇਠਾਂ ਉਤਰਿਆ, ਤਾਂ ਉਸ ਘਰੋਂ ਗਾਉਣ ਦੀ ਅਵਾਜ਼ ਆ ਰਹੀ ਸੀ। ਅਵਾਜ਼ ਵਿਚ ਸੋਜ਼, ਦਰਦ ਅਤੇ ਖਿੱਚ ਸੀ। ਉਹੋ ਹੀ ਗਾ ਰਿਹਾ ਸੀ-

ਹੁਣ ਉਜੜੇ ਘਰ ਕਿਸ ਆਉਣੈ,
ਤੇ ਆਇਆਂ ਦਾ ਕੀ ਚਾਅ?

ਓਏ ਕਾਵਾਂ ਰੁੜ੍ਹ ਪੁੜ੍ਹ ਜਾਣਿਆਂ, ਜਾ ਐਵੇਂ ਨਾ ਕੁਰਲਾ।
ਤੈਨੂੰ ਚੂਰੀ ਕੁਟ ਕੁਟ ਪਾਂਦਿਆਂ, ਅਸਾਂ ਪੋਟੇ ਲਏ ਉਡਾ।

ਸਾਰਾ ਦਿਨ ਉਸ ਦੀ ਗਾਈ ਹੋਈ ਇਹ ਤੁਕ ਮੇਰੇ ਦਿਮਾਗ਼ ਵਿਚ ਥਰਕਦੀ ਰਹੀ-

ਹੁਣ ਉਜੜੇ ਘਰ ਕਿਸ ਆਉਣੈ-

..... ਤੇ ਕਈ ਵਾਰੀ ਮੇਰੇ ਬੁਲ੍ਹ ਵੀ ਆਪ ਮੁਹਾਰੇ ਇਹ ਤੁਕ ਗਾ ਉਠੇ।

੧੦੪

ਜੇ ਬੁਰਾ ਨਾ ਮਨਾਵੇਂ