ਪੰਨਾ:ਦੀਵਾ ਬਲਦਾ ਰਿਹਾ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ਦੇ ਲਖਾਇਕ ਹਨ ਕਿ ਕੁਝ ਸਮਾ ਪਹਿਲਾਂ ਉਹ ਡਾਢੀ ਹੁਸੀਨ ਸੀ।

ਹਾਂ, ਤੇ ਸਾਰੀ ਗੱਡੀ ਵਿਚੋਂ ਜਦੋਂ ਉਸ ਨੂੰ ਉਹ ਨਹੀਂ ਲਭਦਾ ਤਾਂ ਟਿਕਟ ਚੈੱਕਰ ਕੋਲ ਜਾ ਖਲੋਂਦੀ ਹੈ। ਦੂਜੀ ਵਾਰੀ ਸਾਰੇ ਆਦਮੀਆਂ ਨੂੰ, ਜਦੋਂ ਉਹ ਬਾਹਰ ਲੰਘ ਰਹੇ ਹੁੰਦੇ ਹਨ, ਵੇਖਦੀ ਹੈ। ਕਈ ਵਾਰੀ ਜਦੋਂ ਉਸ ਨੂੰ ਕਿਸੇ ਜਾਣੂ ਪਛਾਣੁ ਦਾ ਝਾਉਲਾ ਜਿਹਾ ਪੈਂਦਾ ਹੈ ਤਾਂ ਉਹ ਉਸ ਨੂੰ ਬੁਲਾ ਲੈਂਦੀ ਹੈ। ਉਸ ਦਾ ਬੁਲਾਉਣ ਦਾ ਤਰੀਕਾ ਕੋਈ ਅਨਪੜ੍ਹਾਂ ਵਾਲਾ ਨਹੀਂ। ਉਸ ਦਾ ਸੰਬੋਧਨ-ਢੰਗ ਪੜ੍ਹਿਆਂ ਲਿਖਿਆਂ ਵਾਲਾ ਅਤੇ ਸਭਿਅਤਾ ਭਰਪੂਰ ਹੈ। "ਮੈਂ ਕਿਹਾ, ਇਕ ਮਿੰਟ ਜ਼ਰਾ ਖੇਚਲ ਕਰੋਗੇ ?" ਤੇ ਸੈਨਤ ਨਾਲ ਉਸ ਨੂੰ ਭੀੜ ਤੋਂ ਜ਼ਰਾ ਲਾਂਭੇ ਸਦ ਲੈਂਦੀ ਹੈ।

"ਤੁਸੀਂ ਕਿਥੋਂ ਆ ਰਹੇ ਹੋ ?" ਜੇ ਉਹ ਆਦਮੀ ਆਖ ‘ਲੁਧਿਆਣੇ ਤੋਂ ਜਾਂ ਜਲੰਧਰ, ਅੰਬਾਲੇ ਆਦਿ ਤੋਂ’ ਤਾਂ ਕਹਿੰਦੀ ਹੈ, "ਮੈਂ ਸਮਝਿਆ ਸੀ ਸ਼ਾਇਦ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਹੋ, ਤਕਲੀਫ਼ ਮਾਫ਼ !" ਅਤੇ ਜੇ ਉਹ ਆਦਮੀ ਅੰਮ੍ਰਿਤਸਰ ਦਾ ਹੋਵੇ ਤਾਂ ਪੁਛਦੀ ਹੈ, "ਤੁਸੀਂ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਰਾਜਨ ਨੂੰ ਜਾਣਦੇ ਹੋ ? ਤੁਸੀਂ ਉਹਨਾਂ ਨੂੰ ਇਸੇ ਗੱਡੀ ਵਿਚ ਚੜ੍ਹਦਿਆ ਤਾਂ ਨਹੀਂ ਡਿੱਠਾ ?" ਜਦੋਂ ਉਹ ਆਦਮੀ ਨਾਂਹ ਵਿਚ ਜਵਾਬ ਦੇਂਦਾ ਹੈ ਤਾਂ ਉਸ ਦੀ ਆਸ਼ਾ ਨਿਰਾਸ਼ਾ ਵਿਚ ਬਦਲ ਜਾਂਦੀ ਹੈ। ਫਿਰ ਵੀ ਆਪਣੇ ਚਿਹਰੇ ਦੇ ਉਤਰਾ-ਚੜ੍ਹਾ ਨੂੰ ਲੁਕਾਉਣ ਦਾ ਪੂਰਾ ਜਤਨ ਕਰ ਦੀ ਹੋਈ ਆਖਦੀ ਹੈ, ‘ਸ਼ਾਇਦ ਕਲ ਆ ਜਾਣ। ਉਹ ਆਉਣੇ ਗੇ ਜ਼ਰੂਰ। ਮੇਰਾ ਦਿਲ ਸ਼ਾਹਦੀ ਭਰਦਾ ਹੈ ਕਿ ਉਹ ਅਵਸ਼ ਆਉਣ ਗੇ।" ਅਤੇ ਫਿਰ ਗੱਡੀ ਦੇ ਕੈਬਿਨ ਵਿਚ ਚਲੀ ਜਾਂਦੀ ਹੈ। .......

੧੧੬

ਆਸ ਹੈ ਬਾਕੀ