ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਨਹੀਂ ਬੇਟਾ ! ਮੈਂ ਨਹੀਂ ਹੋ ਰਿਹਾ', ਕਹਿ ਕੇ ਮੈਂ ਉਸ ਦੀ ਧੀਰਜ ਬੰਨ੍ਹਾਹੀ। ਮੈਂ ਆਸ਼ਾ ਦਾ ਮੱਥਾ ਚੁੰਮ ਕੇ ਆਖਿਆ, 'ਦੀਵਾਲੇ ਵਾਲੇ ਦਿਨ ਮੈਂ ਤੈਨੂੰ ਹਾਰ ਲੈ ਦਿਆਂਗਾ।’

ਦੀਵਾਲੀ ਵੀ ਆ ਗਈ। ਮੈਨੂੰ ਤਾਂ ਉੱਕਾ ਯਾਦ ਹੀ ਨਹੀਂ ਸੀ। ਆਸ਼ਾ ਸਵੇਰੇ ਉਠਦੇ ਹੀ ਮੈਨੂੰ ਕਹਿਣ ਲਗੀ, ‘ਬਾਬਾ ! ਮੇਰਾ ਹਾਰ ਲਿਆ ਦੇ ਨਾ। ਤੂੰ ਆਖਿਆ ਸੀ-ਦੀਵਾਲੀ ਤੇ ਲੈ ਦਿਆਂਗਾ।’ ਉਸ ਦੀ ਅਵਾਜ਼ ਵਿਚ ਤਰਲਾ ਸੀ। ਪਤਾ ਨਹੀਂ ਕਿਉਂ, ਉਸ ਦੇ ਇਹ ਸ਼ਬਦ ਮੇਰੇ ਕਲੇਜੇ ਵਿਚ ਖੁਭ ਗਏ ਅਤੇ ਮੈਂ ਸ਼ਾਮ ਦੇ ਤਿੰਨ ਕੁ ਵਜੇ ਹਾਰ ਲਿਆਉਣ ਲਈ ਆਖ ਕੇ ਘਰੋਂ ਨਿਕਲ ਤੁਰਿਆ। ਰਾਹ ਵਿਚ ਮੈਨੂੰ ਖ਼ਿਆਲ ਆਇਆ, ‘ਮੇਰੇ ਪਾਸ ਤਾਂ ਫੁਟੀ ਕੌਡੀ ਵੀ ਨਹੀਂ ਤੇ ਮੈਂ ਹਾਰ ਕਿਸ ਦਾ ਲਿਆਵਾਂਗਾ ?’ ਮੇਰੇ ਦਿਲ ਅੰਦਰ ਕਈ ਖ਼ਿਆਲ ਆਏ। ਚਾਰੇ ਪਾਸੇ ਆਪਣੀ ਬੇਵਸੀ ਵੇਖ ਕੇ ਮੈਂ ਆਤਮ-ਹਤਿਆਂ ਕਰਨ ਦਾ ਇਰਾਦਾ ਕਰ ਲਿਆ। ਮੇਰੇ ਪੈਰ ਮੈਨੂੰ ਰੇਲਵੇ ਲਾਈਨ ਵਲ ਲ ਤੁਰੇ। ਜਦ ਮੈਂ ਰੇਲਵੇ ਲਾਈਨ ਕੋਲ ਪੁੱਜਾ ਤਾਂ ਬਹੁਤ ਦੂਰੋਂ ਗੱਡੀ ਆਉਂਦੀ ਮੇਰੀ ਨਜ਼ਰੀਂ ਪਈ।

ਮੈਂ ਆਸ ਪਾਸ ਵੇਖ ਕੇ ਲਾਈਨ ਤੇ ਲੇਟ ਗਿਆ। ਮੇਰੇ ਅਤੇ ਗੱਡੀ ਦੇ ਵਿਚਕਾਰ ਫ਼ਾਸਲਾ ਘਟ ਰਿਹਾ ਸੀ। ਮੇਰੇ ਕੰਨਾਂ ਨੂੰ ਇਕ ਅਵਾਜ਼ ਸੁਣਾਈ ਦਿੱਤੀ, 'ਆਤਮਾ ਹਤਿਆ ਕਰਨਾ ਕਾਇਰਤਾ ਹੈ। ਤੇਰੇ ਸਰੀਰ ਦਾ ਅੰਤ ਤਾਂ ਹੋ ਜਾਵੇਗਾ, ਪਰ ਰੂਹ ਦੀ ਭਟਕਣ ਸਗੋਂ ਹੋਰ ਵਧ ਜਾਵੇਗੀ। ਉਸ ਬਾਲੜੀ ਨੂੰ, ਜਿਸ ਦਾ ਭਾਰ ਇਸ ਵੇਲੇ ਤੇਰੇ ਹੀ ਮੋਢਿਆਂ ਤੇ ਹੈ, ਇਸ ਅਨਜਾਣੀ ਸੁੰਨਸਾਨ ਦੁਨੀਆ ਵਿਚ ਪਟਕਾ ਸੁੱਟਣ ਦਾ ਹੱਕ ਤੈਨੂੰ ਉੱਕਾ ਹੀ ਨਹੀਂ।’

੧੩੦

ਦੀਵਾ ਬਲਦਾ ਰਿਹਾ