ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਉਸ ਦੀ ਅਵਾਜ਼ ਸੁਣਾਈ ਦਿੱਤੀ-

"ਆਹ ! ਇਸ ਦੈਂਤ-ਰੂਪੀ ਸਮਾਜ ਨੇ ਪਹਿਲਾਂ ਮੇਰੇ ਕਲੇਜੇ ਦੀ ਬੋਟੀ ਨਿਗਲ ਲਈ, ਹੁਣ ਉਸ ਦੀ ਖ਼ਾਕ ਨਾਲ ਜੀਅ ਪਰਚਾਉਂਦਿਆਂ ਵੇਖ ਕੇ ਵੀ ਇਸ ਦੇ ਸੀਨੇ ਵਿਚ ਛੁਰੀਆਂ ਵਜਦੀਆਂ ਹਨ। ਮੇਰੀ ਇਕੋ ਇਕ ਜਾਇਦਾਦ-ਆਸ਼ਾ ਦੀ ਯਾਦ ਵੀ ਖੋਹ ਲੈਣ ਤੇ ਇਹ ਸਮਾਜ ਤੁਲਿਆ ਹੋਇਆ ਹੈ। ਇਹ ਜ਼ਾਲਮ ਡੁਬਦੇ ਕੋਲੋਂ ਤੀਲੇ ਦਾ ਸਹਾਰਾ ਵੀ ਖੋਹ ਲੈਣਾ ਚਾਹੁੰਦਾ ਹੈ। ਕਾਗ਼ਜ਼ ਦੀ ਤਸਵੀਰ ਪਾੜੀ ਜਾ ਸਕਦੀ ਹੈ, ਹੱਡ ਮਾਸ ਦੇ ਬੁੱਤ ਵੀ ਤੋੜੇ ਜਾ ਸਕਦੇ ਹਨ, ਪਰ ਕਿਸੇ ਦੇ ਹਿਰਦੇ ਤੇ ਉਕਰੀ ਜਾ ਚੁਕੀ ਯਾਦ ਨੂੰ ਮਿਟਾਇਆ ਨਹੀਂ ਜਾ ਸਕਦਾ। ਇਸ ਬੁਢੜੇ ਦੇ ਦਿਲ ਵਿਚੋਂ ਆਪਣੀ ਬੱਚੀ ਦੀ ਯਾਦ ਨਹੀਂ ਕਢੀ ਜਾ ਸਕਦੀ। ਇਸ ਸਮਾਜ ਦੇ ਲਖ ਤੂਫਾਨ ਆਉਣ, ਹਨੇਰੀਆਂ ਝੂਲਣ, ਬਿਜਲੀਆਂ ਕੜਕਣ - ਪਰ ਕਿਉਂਕਿ ਮੇਰਾ ਸਿਦਕ ਸੱਚਾ ਹੈ, ਇਸ ਲਈ ਮੇਰੇ ਦਿਲ ਅੰਦਰ ਆਸ਼ਾ ਦੀ ਯਾਦ ਦਾ ਦੀਵਾ ਬਲਦਾ ਰਹਿੰਦਾ ਹੈ ਅਤੇ ਹਮੇਸ਼ਾ ਬਲਦਾ ਰਹੇਗਾ।"

ਉਸੇ ਵੇਲੇ ਸ਼ਾਂ ਸ਼ਾਂ ਕਰਦੀ ਲਾਲ ਸੁਰਖ਼ ਹਨੇਰੀ ਉਤਰ ਵਲ ਆਉਂਦੀ ਦਿਸੀ। ਕਾਲੇ ਕਾਲੇ ਬਦਲਾਂ ਨੇ ਅਕਾਸ਼ ਤੇ ਹੱਲਾ ਬੋਲ ਦਿੱਤਾ। ਸਭ ਪਾਸੇ ਘੱਟਾ ਹੀ ਘੱਟ ਹੋ ਗਿਆ। ਧਰਤੀ ਤੇ ਅਕਾਸ਼ ਇਕ ਹੈ ਗਏ ਜਾਪਦੇ। ਘੂੰ ਘੂੰ ਕਰਦੀ ਹਨੇਰੀ ਜਦੋਂ ਪੱਥਰਾਂ ਤੇ ਦਰਖ਼ਤਾਂ ਨਾਲ ਟਕਰਾਉਂਦੀ ਤਾਂ ਉਸ ਦੀ ਅਵਾਜ਼ ਭੁੱਖੇ ਸ਼ੇਰਾਂ ਦੀ ਗਰਜ ਨਾਲੋਂ ਵਧੇਰੇ ਡਰਾਉਣੀ ਲਗਦੀ। ਕਾੜ, ਕਾੜ ਦਰਖ਼ਤਾਂ ਦੇ ਟਾਹਣ ਡਿਗਦੇ। ਪੰਛੀਆਂ ਦੀ ਮਿੱਠੀ ਮਿੱਠੀ ਚੀਂ ਚੀਂ ਵੈਣਾਂ ਵਰਗੇ ਚੀਕ-ਚਿਹਾੜੇ ਵਿਚ ਬਦਲ ਗਈ। ਇੰਜ ਲਗਦਾ ਜਿਵੇਂ ਇਹ ਤੂਫ਼ਾਨ ਸਭ ਕਾਸੇ ਨੂੰ ਉਡਾ

੧੩੪

ਦੀਵਾ ਬਲਦਾ ਰਿਹਾ