ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਤਰਤਾ ਹੈ। ਥੋੜ੍ਹੇ ਜਹੇ ਜਤਨ ਨਾਲ ਹੀ ਅਸੀਂ ਤੁਹਾਡੀ ਕਿਤਾਬ ਕਿਸੇ ਇਮਤਿਹਾਨ ਦਾ ਕੋਰਸ ਨੀਅਤ ਕਰਵਾ ਲਵਾਂਗੇ। ਲਾਇਬਰੇਰੀ-ਬੁਕ ਮੰਨਜ਼ੂਰ ਕਰਵਾਉਣ ਲਈ ਤਾਂ ਸਾਡੇ ਸਰਦਾਰ ਹੋਰਾਂ ਦੀ ਇਕ ਚਿੱਠੀ ਹੀ ਕਾਫ਼ੀ ਹੈ । ਹਰ ਰਸਾਲੇ ਅਖ਼ਬਾਰ ਵਿਚ ਸਾਡੀ ਫ਼ਰਮ ਦੇ ਇਸ਼ਤਿਹਾਰ ਛਪਦੇ ਹਨ। ਦਿਨਾਂ ਵਿਚ ਹੀ ਤੁਹਾਡਾ ਨਾਂ ਕਾਫ਼ੀ ਪਰਸਿੱਧ ਹੋ ਜਾਵੇਗਾ। ਸਾਡੀ ਫ਼ਰਮ ਦਾ ਵਡਾ ਉਦੇਸ਼ ਹੈ ਕਿ ਅਸੀਂ ਆਪਣੇ ਆਥਰ ਨੂੰ ਡੈੱਡ ਨਹੀਂ ਹੋਣ ਦਿੰਦੇ। ਹਰ ਸਾਲ ਕਿਤਾਬ ਦਾ ਅਗਲਾ ਐਡੀਸ਼ਨ ਕਢ ਦਿੰਦੇ ਹਾਂ।

ਸਰਦਾਰ ਦਾ ਸੁਭਾ ਵੀ ਬੜਾ ਚੰਗਾ ਦਸਦਾ ਸੀ। ਸੌ ਕੁ ਰੁਪਏ ਤਾਂ ਐਡਵਾਂਸ ਰਾਇਲਟੀ ਵਜੋਂ ਦੇ ਹੀ ਦੇਵੇਗਾ। ਤੀਹ ਰੁਪਏ ਬਾਣੀਏ ਦਾ ਹੁਧਾਰ ਮੁਕਾ ਦਿਆਂਗਾ। ਬਾਕੀ ਰੁਪਿਆਂ ਦਾ ਇਕ ਗਰਮ ਸੂਟ ਬਣਵਾ ਲਵਾਂਗਾ।’

ਪਾਲ ਇਨ੍ਹਾਂ ਖ਼ਿਆਲਾਂ ਵਿਚ ਮਸਤ ਆਪਣੇ ਖਰੜੇ ਦੇ ਸਫ਼ੇ ਫੋਲ ਰਿਹਾ ਸੀ ਕਿ ਤੀਹ ਪੈਂਤੀ ਸਾਲ ਦੀ ਇਕ ਜ਼ਨਾਨੀ ਉਸ ਦੇ ਨਾਲ ਬੈਂਚ ਤੇ ਆ ਕੇ ਬੈਠ ਗਈ। ਉਸ ਦੇ ਕਪੜੇ ਕਈ ਥਾਵਾਂ ਤੋਂ ਪਾਟੇ ਹੋਏ ਸਨ। ਉਸ ਦੇ ਖੁਲ੍ਹੇ ਹੋਏ ਵਾਲ ਗਲ ਵਿਚ ਖਿਲਰੇ ਪਏ ਸਨ। ਕਜਲ ਉਸ ਦੀਆਂ ਅੱਖਾਂ ਵਿਚੋਂ ਬਾਹਰ ਵਗ ਚੁਕਾ ਸੀ। ਉਸ ਦੀਆਂ ਬਾਹਵਾਂ ਕਚ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸਨ। ਉਸ ਦੇ ਚਿਹਰੇ ਤੋਂ ਇਕ ਵਹਿਸ਼ਤ ਜਹੀ ਟਪਕ ਰਹੀ ਸੀ। ਉਹ ਪਾਲ ਦੇ ਹੋਰ ਨੇੜੇ ਹੋ ਕੇ ਬੈਠ ਗਈ ਅਤੇ ਉਸ ਦੇ ਖਰੜੇ ਵਲ ਬੜੀ ਨੀਝ ਲਾ ਕੇ ਵੇਖਣ ਲਗ ਪਈ, ਜਿਵੇਂ ਉਹ ਇਕ ਵੱਡੀ ਆਲੋਚਕ ਹੋਵੇ ਅਤੇ ਖਰੜੇ ਨੂੰ ਘੋਖ ਘੋਖ ਕੇ ਪੜ੍ਹ ਰਹੀ ਹੋਵੇ। ਉਸ ਹੋਰ ਗਹੁ ਨਾਲ

ਦੀਵਾ ਬਲਦਾ ਰਿਹਾ

੧੭