ਪੰਨਾ:ਦੀਵਾ ਬਲਦਾ ਰਿਹਾ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਾਗ਼ਜ਼ਾਂ ਵਲ ਵੇਖਿਆ। ਫਿਰ ਉਥੋਂ ਉਠ ਕੇ ਪਾਲ ਦੇ ਸਾਹਮਣੇ ਖੜੀ ਹੋ ਗਈ। ਪਾਲ ਹਾਲੇ ਵੀ ਆਪਣੇ ਧਿਆਨ ਖਰੜੇ ਵਲ ਵੇਖ ਰਿਹਾ ਸੀ ਅਤੇ ਮਿੱਠੇ ਮਿੱਠੇ ਸੁਪਨਿਆਂ ਦੀ ਦੁਨੀਆਂ ਵਿਚ ਤਾਰੀਆਂ ਲਾ ਰਿਹਾ ਸੀ। ਉਹ ਜ਼ੋਰ ਦੀ ਖਿੜ ਖਿੜਾ ਕੇ ਹੱਸੀ।

ਪਾਲ ਨੇ ਤ੍ਰਭਕ ਕੇ ਸਾਮ੍ਹਣੇ ਵੇਖਿਆ। ਉਹ ਹਾਲੇ ਵੀ ਦੰਦ ਕਢ ਰਹੀ ਸੀ। ਪਾਲ ਉਸ ਦੇ ਹਾਸੇ ਦਾ ਕਾਰਨ ਨਾ ਸਮਝ ਸਕਿਆ। ਖਰੜੇ ਵਲ ਇਸ਼ਾਰਾ ਕਰ ਕੇ ਉਸ ਨੇ ਪਾਲ ਨੂੰ ਸੰਬੋਧਨ ਕੀਤਾ, 'ਇਹ ਝਰੀਟਾਂ ਤੂੰ ਵਾਹੀਆਂ ਨੇ? ਇਹ ਸਭ ਤੂੰ ਲਿਖਿਐ?' ਤੇ ਫਿਰ ਉਸ ਡਰਾਉਣਾ ਜਿਹਾ ਹਾਸਾ ਹਸਿਆ। ਪਾਲ ਉਸ ਦੇ ਮੂੰਹ ਵੱਲ ਬਿਟ ਬਿਟ ਵੇਖ ਰਿਹਾ ਸੀ। ‘ਕਿਸ ਤੇ ਫੁਲਿਆ ਫਿਰਦਾ ਏਂ। ਇਹ ਤਾਂ ਕਬਰਸਤਾਨ ਹੈ, ਕਬਰਸਤਾਨ। ਇਥੇ ਤੇਰੇ ਵਰਗੀਆਂ ਕਈ ਲਾਸ਼ਾਂ ਦਬੀਆਂ ਪਈਆਂ ਨੇ।’ ਤੇ ਫਿਰ ਉਹ ਝਟ ਹੀ ਖਿੜ ਖਿੜ ਹਸਦੀ ਉਥੋਂ ਸੜਕ ਵਲ ਨਠ ਗਈ।

ਪਾਲ ਨੇ ਫ਼ਾਈਲ ਖੋਲ੍ਹ ਕੇ ਫਿਰ ਸਫ਼ੇ ਵੇਖਣੇ ਸ਼ੁਰੂ ਕੀਤੇ, ਮਤੇ ਕੋਈ ਸਫ਼ਾ ਉਲਟ ਪੁਲਟ ਰਖਿਆ ਗਿਆ ਹੋਵੇ। ਹਵਾ ਦਾ ਇਕ ਬੁੱਲਾ ਆਇਆ ਤੇ ਉਸ ਦੀ ਫਾਈਲ ਵਿਚੋਂ ਦੋ ਵਰਕੇ ਉਡ ਕੇ ਸੜਕ ਵਲ ਚਲੇ ਗਏ। ਪਾਲ ਫ਼ਾਈਲ ਸੰਭਾਲ ਕੇ ਉਨ੍ਹਾਂ ਨੂੰ ਫੜਨ ਮਗਰ ਨਠਿਆ। ਵਰਕੇ ਉਡਦੇ ਉਡਦੇ ਪਰਲੇ ਕੰਢੇ ਵਲ ਚਲੇ ਗਏ। ਉਹ ਵੀ ਮਗਰ ਮਗਰ ਦੌੜਦਾ ਗਿਆ। ਪਾਲ ਜਦੋਂ ਵਰਕੇ ਚੁਕਣ ਲਗਾ ਤਾਂ ਇਕ ਅਖ਼ਬਾਰਾਂ ਵਾਲਾ ਆਖਣ ਲਗਾ, ‘ਸਰਦਾਰ ਜੀ ! ਇਹ ਰਦੀ ਕਿਉਂ ਕੱਠੀ ਕਰਦੇ ਫਿਰਦੇ ਹੋ?’

‘ਇਹ ਰਦੀ ਨਹੀਂ, ਜਨਾਬ ! ਇਹ ਤਾਂ ਮੇਰੀਆਂ ਆਸ਼ਾਂ ਹਨ।

੧੮

ਇਹ ਕਬਰਸਤਾਨ ਹੈ