ਪੰਨਾ:ਦੀਵਾ ਬਲਦਾ ਰਿਹਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕਾਗ਼ਜ਼ ਹੀ ਮੇਰੇ ਸੁਪਨੇ ਹਨ। ਇਹ ਮੇਰੇ ਜੀਵਨ ਦੀ ਪੂੰਜੀ ਹਨ।'

‘ਸਰਦਾਰ ਜੀ ! ਇਥੇ ਕਈ ਪੂੰਜੀਆਂ ਵਾਲੇ ਆਏ ਤੇ ਪੂੰਜੀਆਂ ਲੁਟਾ ਕੇ ਨਿਰਾਸ ਮੁੜ ਜਾਂਦੇ ਰਹੇ। ਜਿਹੜੇ ਆਪਣੇ ਆਪ ਨੂੰ ਫੰਨੇ ਖਾਂ ਆਖਿਆ ਕਰਦੇ ਸਨ, ਉਹ ਵੀ ਖਾਲੀ ਹੱਥੀਂ ਪਰਤ ਗਏ ਤੇ ਅਸੀਂ ਤੁਸੀਂ ਕਿਸ ਦੇ ਪਾਣੀਹਾਰ ਹਾਂ ?'

ਪਾਲ ਉਤਰ ਦਿਤੇ ਬਿਨਾਂ ਉਸੇ ਬੈਂਚ ਤੇ ਜਾ ਕੇ ਬੈਠ ਗਿਆ। ਸ਼ਾਮ ਦੇ ਪੰਜ ਵਜ ਗਏ ਸਨ। ਉਹ ਫਿਰ ਅੰਦਰ ਜਾ ਪਹੁੰਚਿਆ। ਪਰਮਾਤਮ ਸਿੰਘ ਕੜੇ ਵਾਲੇ ਗਲਾਸ ਵਿਚ ਚਾਹ ਪੀ ਰਿਹਾ ਸੀ। ਚਾਹ ਦੇ ਘੁਟ ਭਰਦਾ ਜਾਂਦਾ ਅਤੇ ਨਾਲ ਨਾਲ ਕਲਰਕ ਨੂੰ ਚਿੱਠੀ ਲਿਖਾਈ ਜਾਂਦਾ ਸੀ- 'ਜੇ ਇਸ ਮਹੀਨੇ ਦੀ ਪੰਦਰਾ ਤਕ ਰੁਪਏ ਨਾ ਪਹੁੰਚੇ ਤਾਂ ਆਪ ਵਿਰੁਧ ਕਚਹਿਰੀ ਵਿਚ ਦਾਅਵਾ ਦਾਇਰ ਕਰਨ ਲਈ ਮਜਬੂਰ ਹੋ ਜਾਵਾਂਗੇ।'

ਮਿੰਟ ਕੁ ਪਿਛੋਂ ਸਰਦਾਰ ਜ਼ੋਰ ਦਾ ਖੰਘੂਰਾ ਮਾਰਦਾ ਅਤੇ ਗਰਮ ਗਰਮ ਚਾਹ ਦਾ ਘੁਟ ਭਰਨ ਮਗਰੋਂ ਆਪਣੇ ਸਰੀਰ ਤੇ ਕਿਧਰੇ ਖੁਰਕਣ ਲਗ ਪੈਂਦਾ। ਉਸ ਦਾ ਮੋਟਾ ਢਿਡ ਮੂਧੇ ਮਾਰੇ ਹੋਏ ਕੜਾਹੇ ਵਰਗਾ ਸੀ। ਉਸ ਦੀ ਨੀਲੀ ਪਗ ਦਸਦੀ ਸੀ ਕਿ ਉਹ ਭਲੇ-ਮਾਣਸ ਹੈ, ਪਰ ਜਦੋਂ ਉਹ ਨੀਵੀਆਂ ਜਹੀਆਂ ਐਨਕਾਂ ਵਿਚੋਂ ਦੀ ਵੇਖਦਾ ਤਾਂ ਉਸ ਦੇ ਖਚਰੇ ਅਤੇ ਚਲਾਕ ਹੋਣ ਦਾ ਸ਼ਕ ਪੈਂਦਾ।

'ਮੈਂ ਕਿਹਾ, ਖਰੜਾ ਹਾਜ਼ਰ ਹੈ।'

'ਕਿਹੜਾ ਖਰੜਾ ? ਕਿਸ ਦਾ ਖਰੜਾ ? ਕੀ ਅਸੀਂ ਹੀ ਠੇਕਾ ਲਿਆ ਹੋਇਆ ਹੈ ਇਨ੍ਹਾਂ ਖਰੜਿਆਂ ਨੂੰ ਛਾਪ ਛਾਪ ਕੇ ਰੁਪਿਆਂ ਦੀ ਮਿੱਟੀ ਬਣਾਉਣ ਦਾ ? ਸਾਨੂੰ ਕਿਸੇ ਖਰੜੇ ਖੁਰੜੇ ਦੀ ਲੋੜ ਨਹੀਂ।'

ਦੀਵਾ ਬਲਦਾ ਰਿਹਾ

੧੯