ਪੰਨਾ:ਦੀਵਾ ਬਲਦਾ ਰਿਹਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਸਵੇਰੇ ਸਵੇਰੇ ਹੀ ਉਸ ਨੇ ਆ ਵੀਣਾ ਹੋਰਾਂ ਦਾ ਬੂਹਾ ਖੜਕਾਇਆ।

"ਡਾਕਟਰ ਸਾਹਿਬ ! ਤੁਸੀਂ ? ਸਵੇਰੇ ਸਵੇਰੇ ?" ਵੀਣਾ ਦੇ ਪਿਤਾ ਜੀ ਹਰਾਨੀ ਵਿਚ ਇਕੋ ਸਾਹੇ ਪੁਛੀ ਗਏ।

"ਹਾਂ, ਹਾਂ। ਆਪ ਦੀ ਲੜਕੀ ਨੂੰ ਫੇਰ ਵੇਖਣ ਆਇਆ ਹਾਂ। ਮੇਰਾ ਖ਼ਿਆਲ ਹੈ, ਮੈਂ ਆਪ ਦੀ ਲੜਕੀ ਨੂੰ ਬਚਾ ਸਕਾਂਗਾ।”

ਨਿਰਾਸਤਾ ਦੇ ਡੂੰਘੇ ਸਮੁੰਦਰ ਵਿਚ ਗੋਤੇ ਖਾ ਰਹੇ ਵੀਣਾ ਦੇ ਪਿਤਾ ਜੀ ਨੂੰ ਇਸ ‘ਬਚਾ ਸਕਾਂਗਾ’ ਸ਼ਬਦ ਨੇ ਜਿਵੇਂ ਸੱਚ ਮੁੱਚ ਬਚਾ ਲਿਆ ਹੋਵੇ। ਉਹ ਆਸ ਭਰੀਆਂ ਨਜ਼ਰਾਂ ਨਾਲ ਡਾਕਟਰ ਦੇ ਮੂੰਹ ਵਲ ਤਕਣ ਲਗ ਪਿਆ, ਜਿਵੇਂ ਉਸ ਕੋਲੋਂ ਪੁੱਛ ਰਿਹਾ ਹੋਵੇ, "ਜੋ ਕੁਝ ਤੁਸੀ ਆਖਿਆ ਹੈ, ਕੀ ਸੱਚ ਮੁੱਚ ਇਵੇਂ ਹੀ ਹੋਵੇਗਾ ? ਮੇਰੀ ਵੀਣਾ ਬਚ ਜਾਵੇਗੀ ?"

"ਡਾਕਟਰ ਜੀ ! ਮੈਂ ਤੁਹਾਡਾ ਅਹਿਸਾਨ ਅਗਲੇ ਜਨਮ ਤੀਕ ਵੀ ਨਹੀਂ ਭੁਲਾਂਗਾ, ਜੇ ਇਕ ਵਾਰੀ ਮੇਰੀ ਵੀਣਾ ਬਚ ਜਾਵੇ", ਕਹਿੰਦਿਆਂ ਹੋਇਆਂ ਉਹ ਡਾਕਟਰ ਦੇ ਪੈਰਾਂ ਤੇ ਝੁਕ ਗਿਆ। ਦੋਵੇਂ ਜਾ ਕੇ ਬੈਠਕ ਵਿਚ ਕਲੱਬ ਚੇਅਰਜ਼ ਤੇ ਬੈਠ ਗਏ।

"ਸਰਦਾਰ ਜੀ ! ਮੈਂ ਜੋ ਕੁਝ ਵੀ ਆਪ ਦੀ ਲੜਕੀ ਬਾਬਤ ਪੁਛੀ ਜਾਵਾਂ, ਬਿਨਾਂ ਸੰਕੋਚ ਦੱਸੀ ਜਾਣਾ," ਡਾਕਟਰ ਨੇ ਕਿਹਾ।

"ਚੰਗਾ ਜੀ।"

"ਕਲ, ਜਦੋਂ ਮੈਂ ਵੀਣਾ ਨੂੰ ਵੇਖਣ ਆਇਆ ਸਾਂ ਤਾਂ ਉਸ ਵਕਤ ਇਸ ਦੇ ਮੂੰਹੋਂ ਠੰਢੇ ਹਉਕਿਆਂ ਨਾਲ ਲਫ਼ਜ਼ ‘ਦੀਪ’ ਨਿਕਲਿਆ ਸੀ। ਕੀ ‘ਦੀਪ’ ਜਾਂ ‘ਕੁਲਦੀਪ’ ਤੁਹਾਡੇ ਘਰ ਦੇ ਕਿਸੇ ਬੰਦੇ ਦਾ ਨਾਂ ਹੈ ?"

ਦੀਵਾ ਬਲਦਾ ਰਿਹਾ

੨੭