ਪੰਨਾ:ਦੀਵਾ ਬਲਦਾ ਰਿਹਾ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਲੇ ਤਕ ਉਸ ਦੇ ਘਟਣ ਦੀ ਕੋਈ ਵੀ ਨਿਸ਼ਾਨੀ ਨਜ਼ਰ ਨਹੀਂ ਸੀ। ਆਉਂਦੀ। ਕਹਿਰਾਂ ਦੀ ਸਰਦੀ ਸੀ। ਹਾਲੇ ਰਮੇਸ਼ ਰਜ਼ਾਈ ਵਿਚ ਹੀ ਬੈਠਾ ਸੀ ਕਿ ਦੂਰੋਂ ਕਿਸੇ ਕਲਾਕ ਦੇ ਖੜਕਣ ਦੀ ਅਵਾਜ਼ ਆਈ....ਟਨ....ਟਨ......ਟਨ......

‘ਹੈਂ ! ਸਤ ਵਜ ਗਏ ?’ ਤੇ ਰਮੇਸ਼ ਨੇ ਬਗ਼ੈਰ ਕੁਝ ਖਾਧੇ ਪੀਤੇ ਕਪੜੇ ਪਾਏ ਅਤੇ ਨਾਲ ਦੇ ਘਰੋਂ ਮੰਗੀ ਛਤਰੀ ਲੈ ਕੇ ਮਿਲ ਵਲ ਤੁਰ ਪਿਆ।

ਅੱਜ ਉਸ ਦਾ ਦਿਲ ਕਚੀਚੀਆਂ ਖਾ ਰਿਹਾ ਸੀ । ਉਹ ਸੋਚਣ ਲਗਾ,'ਅਮਰ ਨਾਥ ਦੇ ਕਾਰਖਾਨੇ ਦਾ ਮਾਲਕ ਲਾਲਾ ਕਰੋੜੀ ਮਲ ਕਿੰਨਾ ਚੰਗਾ ਹੈ ? ਹਰ ਦਿਨ ਤਿਉਹਾਰ ਤੇ ਨੌਕਰਾਂ ਨੂੰ ਛੁੱਟੀ ਦੇ ਦਿੰਦਾ ਹੈ। ਮੀਂਹ ਹੋਵੇ ਤਾਂ ਦੇਰ ਨਾਲ ਪਹੁੰਚਣ ਤੇ ਉਲਾਂਭਾ ਨਹੀਂ ਦਿੰਦਾ। ਉਨ੍ਹਾਂ ਨੂੰ ਤਨਖ਼ਾਹ ਵੀ ਵਕਤ ਸਿਰ ਮਿਲ ਜਾਂਦੀ ਹੈ। ਲੋੜ ਪਵੇ ਤਾਂ ਕੁਝ ਰਕਮ ਪੇਸ਼ਗੀ ਵੀ ਮਿਲ ਸਕਦੀ ਹੈ। ਕਿੰਨਾ ਚੰਗਾ ਅਤੇ ਦਿਆਲੂ ਸੁਭਾ ਹੈ ਉਸ ਦਾ। ਨੌਕਰਾਂ ਨਾਲ ਖਿੜੇ ਮੱਥੇ ਗੱਲ-ਬਾਤ ਕਰਦਾ ਹੈ। ਉਨ੍ਹਾਂ ਦੇ ਦੁੱਖ......’ ਤੇ ਹੋਰ ਪਤਾ ਨਹੀਂ ਕੀ ਕੀ ਉਸ ਦੇ ਦਿਲ ਵਿਚ ਗੱਲਾਂ ਆਉਂਦੀਆਂ, ਜੇ ਉਸ ਨੂੰ ਸਾਹਮਣੇ ਕਾਰ ਵਾਲਾ ਡਰਾਈਵਰ ਜ਼ੋਰ ਦੀ ਹਾਰਨ ਵਜਾ ਕੇ ਖ਼ਬਰਦਾਰ ਨਾ ਕਰਦਾ, "ਹੋਸ਼ ਕਿਥੇ ਐ, ਬਾਬੂ ਸਾਹਿਬ ! ਇਹ ਕੰਪਨੀ ਬਾਗ਼ ਨਹੀਂ, ਬਜ਼ਾਰ ਹੈ। ਜੇ ਮਰਨ ਦੀ ਹੀ ਠਾਣ ਲਈ ਹੈ ਤਾਂ ਸਾਨੂੰ ਕਿਉਂ ਨਾਲ ਰਗੜਾਉਂਦੇ ਹੋ ? ਪੰਸਾਰੀ ਕੋਲੋਂ ਇਕ ਆਨੇ ਦਾ ਸੰਖੀਆ ਲਵੋ ਤੇ.......।" ਰਮੇਸ਼ ਸਭ ਕੁਝ ਸੁਣਦਾ ਅਗੇ ਤੁਰਿਆ ਗਿਆ। ਉਸ ਦੇ ਕਪੜਿਆਂ ਤੇ ਕਾਰ ਦੇ ਲੰਘਣ ਕਰਕੇ ਚਿਕੜ ਦੇ ਬਹੁਤ ਛਿੱਟੇ ਪੈ ਗਏ ਸਨ।

੩੮

ਬਗ਼ਾਵਤ ਕਿਉਂ ?