ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਲੇ ਥੋੜ੍ਹੀ ਹੀ ਦੂਰ ਗਿਆ ਸੀ ਕਿ ਅੱਗੋਂ ਅਮਰ ਨਾਥ ਆਉਂਦਾ ਮਿਲ ਪਿਆ। ਉਸ ਦਾ ਚਿਹਰਾ ਅੱਜ ਕੁਝ ਮੁਰਝਾਇਆ ਹੋਇਆ ਸੀ। ਅਮਰ ਨਾਥ ਨੇ ਰਮੇਸ਼ ਨੂੰ ਦਸਿਆ ਕਿ ਸੇਠ ਨੇ ਮੈਨੂੰ ਨੌਕਰੀ ਤੋਂ ਹਟਾ ਦਿੱਤਾ ਹੈ, ਕਿਉਂਕਿ ਉਸ ਨੇ ਇਹ ਨੌਕਰੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇਣੀ ਸੀ। ਰਮੇਸ਼ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ-"ਸ਼ਿਕਾਰੀ ਭਾਵੇਂ ਚੰਗਾ ਹੋਵੇ ਜਾਂ ਭੈੜਾ, ਆਖ਼ਰ ਤਾਂ ਉਹ ਸ਼ਿਕਾਰੀ ਹੈ।" ਤੇ ਘਿਰਣਾ ਨਾਲ ਕੰਢਿਆਂ ਤੀਕ ਭਰ ਗਿਆ ਉਸ ਦਾ ਦਿਲ, ਇਨ੍ਹਾਂ ਸ਼ਿਕਾਰੀਆਂ ਦੇ ਵਿਰੁਧ, ਸਰਮਾਇਦਾਰਾਂ ਦੇ ਵਿਰੁਧ।

ਤੇ ਫਿਰ ਉਸ ਨੇ ਸਪੀਡ ਤੇਜ਼ ਕਰ ਦਿੱਤੀ, ਕਿਉਂਕਿ ਅੱਜ ਦੇਰ ਹੋ ਰਹੀ ਸੀ।

ਹਾਂ, ਤੇ ਬਸੰਤ ਪੰਚਮੀ ਆ ਗਈ। ਉਸ ਦੇ ਵਿਆਹ ਤੋਂ ਬਾਅਦ ਪਹਿਲੀ ਬਸੰਤ ਪੰਚਮੀ। ਅੱਜ ਉਸ ਨੇ ਆਪਣੀ ਘਰ-ਵਾਲੀ ਨੂੰ ਮੇਲਾ ਵਿਖਾਉਣ ਲਿਜਾਣਾ ਸੀ। ਸੁ ਮਾਲਕ ਨੇ ਉਸ ਨੂੰ ਅੱਧੇ ਦਿਨ ਦੀ ਛੁੱਟੀ ਦੇਣੀ ਮੰਨ ਲਈ ਸੀ। ਰਮੇਸ਼ ਦੀ ਘਰ-ਵਾਲੀ ਤਿਆਰ ਹੋਣ ਲਗ ਪਈ ਤੇ ਉਹ ਚਲਾ ਗਿਆ ਕੰਮ ਤੇ।

ਸੇਠ ਕਹਿਣ ਲਗਾ,"ਇਸ ਮਹੀਨੇ ਦੀ ਆਮਦਨ ਖ਼ਰਚ ਦੇ ਚਿੱਠੇ ਦੇ, ਜੋ ਕਲ ਬਣਵਾਇਆ ਸੀ, ਜੋੜ ਟਕਰਾ ਦੇ ਅਤੇ ਫੇਰ ਤੈਨੂੰ ਛੁੱਟੀ ਹੈ।"

.........ਤੇ ਰਮੇਸ਼ ਲਗ ਪਿਆ ਸਿਰ ਸੁੱਟ ਕੇ ‘ਨੌਂ ਤੇ ਅਠ ਸਤਾਰਾਂ! ਸਤਾਰਾਂ! ਇਕ ਰੁਪਿਆ ਤੇ ਹਾਸਲ ਆ ਗਿਆ ਇਕ ਆਨਾ......’ ਦਸ, ਗਿਆਰਾਂ, ਬਾਰਾਂ ਵਜਦੇ ਗਏ, ਇਕ ਵੀ ਖੜਕ ਗਿਆ ਤੇ ਬੇਰਹਿਮ ਘੜੀ ਨੇ ਜੋ ਵੀ ਖੜਕਾ ਦਿੱਤੇ, ਪਰ ਜੋੜ ਉੱਕੇ ਨਹੀਂ

ਦੀਵਾ ਬਲਦਾ ਰਿਹਾ

੩੯