ਪੰਨਾ:ਦੀਵਾ ਬਲਦਾ ਰਿਹਾ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ। ਉਨ੍ਹਾਂ ਦੀਆਂ ਮੁਲਾਕਾਤਾਂ ਵਧਦੀਆਂ ਹੀ ਗਈਆਂ। ਰਾਜੇਸ਼ ਨੇ ਅੰਬੀ ਨੂੰ ਪੰਜਾਬੀਆਂ ਵਾਲੀ ਪੁਸ਼ਾਕ ਬਣਵਾ ਦਿੱਤੀ। ਖੁੱਲ੍ਹੇ ਪੌਂਚਿਆਂ ਵਾਲੀ ਸਲਵਾਰ ਤੇ ਘੁਟਵੀਂ ਕਮੀਜ਼ ਵਿੱਚੋਂ ਉਸ ਦਾ ਜੋਬਨ ਡੁੱਲ੍ਹ ਡੁੱਲ੍ਹ ਪੈਂਦਾ।

ਅੰਬੀ ਦਿਨ ਦਾ ਬਹੁਤਾ ਚਿਰ ਰਾਜੇਸ਼ ਦੀ ਕੋਠੀ ਵਿਚ ਹੀ ਰਹਿੰਦੀ। ਉਨ੍ਹਾਂ ਦਾ ਪਿਆਰ ਵਧਦਾ ਹੀ ਗਿਆ। ਇਕ ਦਿਨ ਰਾਜੇਸ਼ ਚਾਰ ਪੰਜ ਦਿਨ ਕਟਰਾਈਂ ਤੇ ਮੀਨਾਲੀ ਰਹਿਣ ਤੋਂ ਬਾਅਦ ਜਦੋਂ ਕੁੱਲੂ ਆਇਆ ਤਾਂ ਅੰਬੀ ਨੇ ਰਾਜੇਸ਼ ਨੂੰ ਦਸਿਆ ਕਿ.......। ਰਾਜੇਸ਼ ਨੂੰ ਖੁੜਕ ਗਈ। ਉਸ ਸੋਚਿਆ। ਫਿਰ ਉਹ ਅੰਬੀ ਨੂੰ ਕਹਿਣ ਲਗਾ, "ਅੰਬੀ ! ਮੈਂ ਕੱਲ ਜਾ ਰਿਹਾ ਹਾਂ।"

"ਕਿਥੇ ?"

"ਹੇਠਾਂ?"

"ਤੇ ਮੈਂ ?"

“ਮੈਂ ਹੋਰ ਮਹੀਨੇ ਕੁ ਤਕ ਮੁੜ ਆਵਾਂਗਾ ਤੇ ਫਿਰ ਇਥੇ ਹੀ ਆ ਕੇ ਕੰਮ ਸ਼ੁਰੂ ਕਰਨਾ ਹੈ।"

"ਤੁਸਾਂ ਤਾਂ ਪੋਲੇ ਜਹੇ ਮੂੰਹ ਨਾਲ ‘ਇਕ ਮਹੀਨਾ’ ਕਹਿ ਦਿੱਤਾ ਹੈ, ਜਿਵੇਂ ਤੁਹਾਡਾ ਝਟ ਪਟ ਹੀ ਬੀਤ ਜਾਵੇਗਾ ਪਰ ਅੰਬੀ ਤਾਂ ਰੋ ਰੋ ਕੇ ਝੱਲੀ ਹੋ ਜਾਵੇਗੀ, ਇਨ੍ਹਾਂ ਤੀਹਾਂ ਦਿਹਾੜਿਆਂ ਵਿਚ। ਤੁਸੀਂ ਦਸ ਮਿੰਟ ਦੇਰ ਨਾਲ ਆਓ ਤਾਂ ਮੇਰੇ ਦਿਲ ਵਿਚ ਸੌ ਫੁਰਦੀਆਂ ਨੇ ਤੇ ਤੀਹ ਦਿਨ...." ਏਨਾ ਕਹਿੰਦਿਆਂ ਕਹਿੰਦਿਆਂ ਅੰਬੀ ਫੁਟ ਫੁਟ ਰੋਂਦੀ ਹੋਈ ਰਾਜੇਸ਼ ਦੀ ਹਿੱਕ ਨਾਲ ਚੰਬੜ ਗਈ। ਰੋਂਦੇ ਰੋਂਦੇ ਉਸ ਦੀ ਘਿੱਗੀ ਬਝ ਗਈ।

ਦੀਵਾ ਬਲਦਾ ਰਿਹਾ

੬੩