ਪੰਨਾ:ਦੀਵਾ ਬਲਦਾ ਰਿਹਾ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਜੇਸ਼ ਨੇ ਅੰਬੀ ਦਾ ਹੱਥ ਘੁਟਦਿਆਂ ਕਿਹਾ, "ਨਹੀਂ ਅੰਬੀ ! ਕੁਝ ਕੰਮ ਹੀ ਐਸਾ ਆ ਪਿਆ ਹੈ ਕਿ ਮੇਰਾ ਜਾਣਾ ਜ਼ਰੂਰੀ ਹੈ। ਘਰੋਂ ਤਾਰ ਆਈ ਹੈ ਸੁ..." ਉਸ ਨੇ ਖੀਸੇ ਵਿਚੋਂ ਇਕ ਲਪੇਟਿਆ ਹੋਇਆ ਕਾਗਜ਼ ਕੱਢ ਕੇ ਵਿਖਾ ਦਿੱਤਾ ਭੋਲੀ ਅੰਬੀ ਨੂੰ।

"ਅੰਬੀ, ਮੈਂ ਤੇਰੇ ਲਈ ਸ਼ੀਸ਼ਿਆਂ ਵਾਲੀ ਚੁੰਨੀ, ਸਵੀਟ ਕਰੇਪ ਦਾ ਸੂਟ, ਸੂਈਆਂ, ਕਲਿਪ, ਚੂੜੀਆਂ, ਗੱਜਰੇ ਲਿਆਵਾਂਗਾ|" ਵਿਚਾਰੀ ਅੰਬੀ ਹਟਕੋਰੇ ਹੀ ਭਰਦੀ ਰਹੀ ਤੇ ਅਗਲੇ ਦਿਨ ਰਾਜੇਸ਼ ਉਸ ਨੂੰ ਪਿਆਰ ਦਿੰਦਾ ਹੋਇਆ ਚਲ ਤੁਰਿਆ। ਅੰਬੀ ਰਾਜੇਸ਼ ਦੀ ਪਿਠ ਵੇਖਦੀ ਰਹੀ, ਜਿੱਨਾ ਚਿਰ ਉਸ ਦੀਆਂ ਉਦਾਸ ਅਖੀਆਂ ਵੇਖ ਸਕੀਆਂ ਤੇ ਫਿਰ ਅੱਖਾਂ ਪੂੰਝਦੀ ਹੋਈ ਘਰ ਚਲੀ ਗਈ। ਉਸ ਨੇ ਆਪਣੇ ਘਰ ਦੀ ਕੰਧ ਤੇ ਕੋਇਲੇ ਨਾਲ ਤੀਹ ਲੀਕਾਂ ਵਾਹ ਦਿੱਤੀਆਂ ਤੇ ਰੋਜ਼ ਜਦੋਂ ਉਹ ਸਵੇਰੇ ਉਠਦੀ ਤਾਂ ਰਾਜੇਸ਼ ਦੀ ਦਿੱਤੀ ਹੋਈ ਮੁੰਦਰੀ ਤਕਦੀ ਤੇ ਫਿਰ ਉਨ੍ਹਾਂ ਲਕੀਰਾਂ ਵਿੱਚੋਂ ਇਕ ਲਕੀਰ ਕੱਟ ਛਡਦੀ ਤੇ ਆਸ਼ਾ ਉਸ ਦੀਆਂ ਅੱਖਾਂ ਵਿਚ ਝਲਕਾਂ ਮਾਰਨ ਲੱਗ ਪੈਂਦੀ।

ਆਖ਼ਰ ਤੀਹ ਦਿਨ ਬੀਤ ਗਏ ਪਰ ਰਾਜੇਸ਼ ਨਾ ਆਇਆ। ਦਿਨੋ ਦਿਨ ਅੰਬੀ ਦੀ ਆਸ਼ਾ ਦਾ ਕਿੰਗਰਾ ਭੁਰਦਾ ਜਾਂਦਾ। ਵਿਚਾਰੀ ਨੂੰ ਨਾ ਖਾਣਾ ਸੁਝਦਾ ਨਾ ਪਹਿਨਣਾ। ਦਿਨ ਚੜ੍ਹਦੇ ਹੀ ਉਸ ਪਗਡੰਡੀ ਤੇ ਬੈਠ ਰਹਿੰਦੀ, ਜਿਧਰੋਂ ਦੀ ਰਾਜੇਸ਼ ਗਿਆ ਸੀ, ਦੂਰ ਨੀਝ ਲਾਈ ਤਕਦੀ ਰਹਿੰਦੀ। ਜਦੋਂ ਕੋਈ ਝਾਉਲਾ ਉਸ ਨੂੰ ਦੂਰੋਂ ਆਉਂਦਾ ਦਿਸਦਾ, ਤਾਂ ਉਸ ਦੀਆਂ ਅੱਖਾਂ ਚਮਕਣ ਲਗ ਪੈਂਦੀਆਂ, ਪਰ ਜਿਸ ਵੇਲੇ ਉਹ ਨੇੜੇ ਪੁਜ ਜਾਂਦਾ ਤਾਂ ਫਿਰ ਉਦਾਸੀ ਦੀ ਖੱਡ ਵਿਚ ਜਾ ਢਹਿੰਦਾ ਅੰਬੀ ਦਾ ਨਿੱਕਾ ਜਿਹਾ ਦਿਲ।

੬੪

ਜੇ ਦਰਦੀ ਹੋਂਦੋਂ ਤਾਂ...