ਪੰਨਾ:ਦੀਵਾ ਬਲਦਾ ਰਿਹਾ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵਿਚਾਰੀ ਦਾ ਪਿਉ ਤਾਂ ਨਿੱਕੇ ਹੁੰਦੇ ਹੀ ਮਰ ਗਿਆ ਸੀ ਤੇ ਹੁਣ ਮਾਂ ਵੀ ਉਸ ਦਾ ਸਾਥ ਛੱਡ ਗਈ।

ਤੇ ਇਸੇ ਤਰ੍ਹਾਂ ਦਿਨ, ਹਫ਼ਤੇ, ਮਹੀਨੇ ਲੰਘਦੇ ਗਏ। ਉਸ ਦੀ ਦਿਲ-ਤਖ਼ਤੀ ਉਤੇ ਰਾਜੇਸ਼ ਦੀ ਯਾਦ ਗੂਹੜੀ ਹੁੰਦੀ ਗਈ। ਵਿਚਾਰੀ ਆਪਣਾ ਆਪ ਰਾਜੇਸ਼ ਦੀ ਯਾਦ ਵਿਚ ਗ਼ਰਕ ਕਰ ਬੈਠੀ ਸੀ। ਉਸ ਦੀਆਂ ਸਹੇਲੀਆਂ ਬਥੇਰਾ ਸਮਝਾਉਂਦੀਆਂ ਕਿ ਸਾਰੇ ਪਰਦੇਸੀ ਇਵੇਂ ਹੀ ਹੁੰਦੇ ਹਨ ਪਰ ਅੰਬੀ ਨੂੰ ਯਕੀਨ ਨਾ ਆਉਂਦਾ। ਉਹ ਆਖਦੀ- "ਮੇਰਾ ਰਾਜੇਸ਼ ਇਹੋ ਜਿਹਾ ਨਹੀਂ ਹੋ ਸਕਦਾ। ਉਹ ਅਵੱਸ਼ ਆਏਗਾ, ਉਸ ਦੀ ਨਿਸ਼ਾਨੀ ਮੇਰੇ ਕੋਲ ਹੈ। ਉਹ ਜ਼ਰੂਰ ਆਵੇਗਾ। ਤੇ ਫਿਰ ਮੈਨੂੰ ਵੀ ਹੇਠਾਂ ਲੈ ਜਾਵੇਗਾ।"

ਅੱਠ ਮਹੀਨੇ ਬੀਤ ਗਏ। ਅੰਬੀ ਸਾਰਾ ਦਿਨ, ਉਠਦੀ ਬਹਿੰਦੀ ਗਾਉਂਦੀ ਰਹਿੰਦੀ-

ਜੇ ਦਰਦੀ ਹੋਂਦੋਂ ਤਾਂ ਦਰਦ ਵੰਡਾਂਦੋਂ
... ... ... ... ...


ਦਿਨ ਵਿਚ ਕਈ ਵਾਰੀ ਉਹ ਰਾਜੇਸ਼ ਦੀ ਯਾਦ ਵਿਚ ਗੁੰਮ ਸੁੰਮ ਹੋ ਜਾਂਦੀ। ਉਸ ਨੂੰ ਆਪਣੇ ਆਪ ਦਾ ਵੀ ਕੋਈ ਪਤਾ ਨਾ ਰਹਿੰਦਾ। ਉਸ ਦੇ ਹੱਥ ਪੈਰ ਸੌਂ ਜਾਂਦੇ। ਉਹ ਡੌਰ ਭੌਰ ਹੋ ਜਾਂਦੀ। ਉਸ ਨੂੰ ਚੱਕਰ ਆਉਣ ਲੱਗ ਪੈਂਦੇ। ਕਈ ਵਾਰੀ ਦੰਦਲ ਵੀ ਪੈ ਜਾਂਦੀ।

ਫਿਰ ਅੰਬੀ ਦੇ ਘਰ ਲੜਕਾ ਹੋਇਆ। 'ਬਿਲਕੁਲ ਦੂਜਾ ਰਾਜੇਸ਼ ਹੈ' ਅੰਬੀ ਆਖਿਆ ਕਰਦੀ। ਉਹ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਰਖਦੀ। ਪਰ ਅੰਬੀ ਜਦੋਂ ਬੱਚੇ ਵੱਲ ਵੇਖਦੀ ਤਾਂ ਰਾਜੇਸ਼ ਦੀ ਯਾਦ ਉਸ ਦੀ ਛਾਤੀ ਵਿਚ ਧੁੜਕੂੰ ਲਾ ਜਾਂਦੀ। ਬੱਚਾ ਹੋਣ

ਦੀਵਾ ਬਲਦਾ ਰਿਹਾ
੬੫