ਪੰਨਾ:ਦੀਵਾ ਬਲਦਾ ਰਿਹਾ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਖ਼ਤੀ ਤੇ ਉਕਰੀ ਗਈ ਸੀ।

ਮੈਨੂੰ ਅਜੇ ਤਕ ਸਰਦਾਰ ਹੋਰਾਂ ਦਾ ਕੁਝ ਪਤਾ ਨਹੀਂ ਸੀ ਲਗ ਸਕਿਆ। ਹੈਦਰਾਬਾਦ ਦੀ ਜਿੱਤ ਤੋਂ ਤੁਰਤ ਹੀ ਬਾਅਦ ਸਾਡੀ ਕੰਪਨੀ ਦੇ ਝਾਂਸੀ ਜਾਣ ਲਈ ਟ੍ਰਾਂਸਫ਼ਰ ਆਰਡਰ ਹੋ ਗਏ। ਝਾਂਸੀ ਪੁਜ ਕੇ ਐਡਵਰਡ ਲਾਈਨਜ਼ ਵਿਚ ਮੈਂ ਆਪਣਾ ਬੰਗਲਾ ਵੇਖਣ ਗਿਆ ਤਾਂ ਸਭ ਤੋਂ ਪਹਿਲਾਂ ਜਿਥੇ ਜਾ ਕੇ ਮੇਰੀ ਨਜ਼ਰ ਰੁਕੀ ਉਹ ਸੀ ਮੇਰੇ ਸਾਮ੍ਹਣੇ ਬੰਗਲੇ ਵਿਚ ਬੈਠੀ ਇਕ ਸਤਾਰਾਂ ਕੁ ਸਾਲਾਂ ਦੀ ਹੁਸੀਨ ਮੁਟਿਆਰ। ਉਸ ਦਾ ਗੋਰਾ ਚਿਹਰਾ, ਹਰਨੌਟੀਆਂ ਅੱਖਾਂ ਤੇ ਖੁਚਾਂ ਤੀਕ ਲਮਕਦੀ ਗੁਤ ਸਚਮੁਚ ਦਿਲ ਵਿਚ ਹਲਚਲ ਮਚਾ ਦੇਣ ਵਾਲੇ ਸਨ। ਉਸ ਦੇ ਚਿਹਰੇ ਤੇ ਨਜ਼ਰ ਪੈਂਦਿਆਂ ਹੀ ਮੇਰਾ ਦਿਲ ਕਹਿ ਉਠਿਆ, 'ਇਓਂ ਜਾਪਦੈ ਜਿਵੇਂ ਇਸ ਤੋਂ ਪਹਿਲੇ ਵੀ ਮੈਂ ਕਿਤੇ ਵੇਖਿਆ ਹੈ ਇਸ ਨੂੰ।’ ਪਰ ‘ਕਿਥੇ ? ਕਦੋਂ ?’ ਮੇਰਾ ਦਿਮਾਗ਼ ਉਸ ਭੁਲੀ ਹੋਈ ਘਟਨਾ ਨੂੰ ਨਾ ਯਾਦ ਕਰ ਸਕਿਆ। ਫੇਰ ਮੈਨੂੰ ਖ਼ਿਆਲ ਆਇਆ, ‘ਹੋ ਸਕਦੈ, ਮੇਰੀਆਂ ਅੱਖਾਂ ਨੂੰ ਭੁਲੇਖਾ ਹੀ ਲਗਾ ਹੋਵੇ’, ਮੈਂ ਅਜੇ ਇਸ ਸੋਚ-ਸਮੁੰਦਰ ਵਿਚ ਹੀ ਗੋਤੇ ਖਾ ਰਿਹਾ ਸਾਂ ਕਿ ਸਾਮ੍ਹਣਿਓਂ ਓਹੋ ਸਰਦਾਰ ਜੀ ਬੰਗਲੇ ਵਿਚੋਂ ਨਿਕਲਦੇ ਮੇਰੀ ਨਜ਼ਰੀਂ ਪਏ। ਮੈਂ ਝਟ ਦੌੜ ਕੇ ਸਰਦਾਰ ਜੀ ਨੂੰ ਜਾ ਮਿਲਿਆ। ਮੈਨੂੰ ਆਪਣੇ ਦੋ ਮਿੰਟ ਪਹਿਲਾਂ ਵਾਲੇ ਖ਼ਿਆਲਾਂ ਤੇ ਸ਼ਰਮ ਆ ਰਹੀ ਸੀ। ਸਰਦਾਰ ਜੀ ਨੂੰ ਵੇਖਦਿਆਂ ਹੀ ਮੈਨੂੰ ਪਤਾ ਲਗ ਗਿਆ ਕਿ ਇਹ ਸਰਦਾਰ ਹੋਰਾਂ ਦੀ ਹੀ ਲੜਕੀ ਹੈ ਤੇ ਇਸ ਤੋਂ ਪਹਿਲਾਂ ਮੈਂ ਇਸ ਨੂੰ ਕਿਥੇ ਵੇਖਿਆ ਹੋਵੇਗਾ? ਪਰ ਮੇਰੀਆਂ ਅੱਖਾਂ ਮੰਨਣ ਅੰਦਰ ਨਹੀਂ ਸੀ ਆਉਂਦੀਆਂ ਕਿ ਇਹ ਕੁੜੀ ਅਣਵੇਖੀ ਹੈ।

ਦੀਵਾ ਬਲਦਾ ਰਿਹਾ

੮੧