ਪੰਨਾ:ਦੁਖੀ ਜਵਾਨੀਆਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੀ

ਸੂਰਜ ਲੁਕ ਗਿਆ ਸੀ ਲਹਿੰਦੇ ਵਲ। ਮਹਾਰਾਜ ਮਹਿਲ ਵਿਚ ਆਏ। ਮਹਾਰਾਣੀ ਨੇ ਉਠ ਕੇ ਆਦਰ ਨਾਲ, ਪਿਆਰ ਨਾਲ 'ਜੀ ਆਇਆਂ ਨੂੰ' ਕਿਹਾ। ਕੇਵਲ ਪੰਜ ਮਿੰਟ ਹੀ ਹਾਸ ਬਿਲਾਸ ਕਰਕੇ ਮਹਾਰਾਜ ਨੇ ਕਿਹਾ, 'ਮਲਕਾ! ਅਜ ਅਸੀਂ ਜਾ ਰਹੇ ਹਾਂ| ਅੱਜ ਦੀ ਰਾਤ ਦੁਖੀਆਂ ਦੀ ਪੜਤਾਲ ਕੀਤੀ ਜਾਵੇਗੀ। ਅੱਜ ਸੈਨਾ-ਪਤੀ ਦੀ ਥਾਂ ਅਸੀਂ ਵਜ਼ੀਰ ਨੂੰ ਨਾਲ ਲੈ ਜਾ ਰਹੇ ਹਾਂ। ਜੇ ਸੈਨਾ-ਪਤੀ ਵਲੋਂ ਕੋਈ ਆਦਮੀ ਪੁਛਣ ਆਏ ਤਾਂ ਰਾਜਨੀਤੀ ਵਰਤਣੀ, ਕਹਿ ਦੇਣਾ ਅੱਜ ਮਹਾਰਾਜ ਨਹੀਂ ਜਾਣਗੇ। ਸਾਡੀ ਪੁਸ਼ਾਕ ਅੱਜ ਆਪ ਤੁਸੀ ਹੀ ਲੈ ਆਵੋ, ਬੁਕਲ ਮਾਰਨ ਵਾਸਤੇ ਨੀਲੇ ਦੀ ਥਾਂ ਕਾਲਾਂ ਕੰਬਲ ਲਈ ਆਉਣਾ!' ਮਹਾਰਾਜ ਕਾਲੇ ਕੰਬਲ ਦੀ ਬੁਕਲ ਮਾਰ ਇਕ ਸਾਧਾਰਨ ਪੇੇਂਡੂ ਬਣ ਕੇ ਚਲੇ ਗਏ। ਅੱਜ ਦੇ ਦਿਨ ਮਹਾਰਾਜ ਦੇ ਪਿਤਾ ਸਵਰਗਵਾਸ ਹੋਏ ਸਨ, ਚਾਨਣੇ ਦੀ ਥਾਂ ਅਜ ਹਨੇਰੇ ਨੇ ਰਾਜ ਕੀਤਾ ਹੋਇਆ ਸੀ ਮਹਿਲ ਦੇ ਚੁਫੇਰੇ। ਮਹਾਰਾਜ ਨੂੰ ਵੇਖਿਆ ਕਿਸੇ ਨਹੀਂ, ਬਾਹਰ ਵਜ਼ੀਰ ਖੜਾ ਸੀ । ਉਸ ਨੇ ਕੰਬਲ ਨੂੰ ਪਛਾਣ ਲੀਤਾ। ਨਾਲ ਨਾਲ ਚੁਪ ਕੀਤਾ ਤੁਰੀ ਗਿਆ। "ਹਾਂ ਮੰਤਰੀ ਜੀ! ਤੁਹਾਨੂੰ ਯਾਦ ਹੈ ਨਾ ਹੁਣ ਮੈਂ ਕੌਣ ਹਾਂ ਤੇ ਤੁਸੀਂ ਕੌਣ?"

"ਜੀ ਮਹਾਰਾਜ! ਤੁਸੀਂ 'ਜੀਵਣ' ਦਾਸ ‘ਸੇਵਕ'।" ਜ਼ਰਾ ਹਾਸੇ ਨਾਲ "ਜੀ ਜੂ ਕੁਝ ਨਹੀਂ।"